ਮਾਨਸਾ: ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਕਿਸਾਨ ਪਰਾਲੀ ਨੂੰ ਅੱਗ ਲਗਾਉਣ ਦਾ ਕਾਰਨ ਹਾਲਾਂਕੇ ਆਪਣੀ ਮਜ਼ਬੂਰੀ ਦੱਸ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਕਿਸਾਨਾਂ ਨੂੰ ਕਈ ਸਹੂਲਤਾਂ ਦੇਣ ਦੇ ਦਾਅਵੇ ਕਰ ਰਿਹਾ ਹੈ। ਇਸ ਮਾਮਲੇ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਕਿਸਾਨ ਪਰਾਲੀ ਸਾੜਣ ਲਈ ਮਜ਼ਬੂਰ ਹਨ ਅਤੇ ਪ੍ਰਸ਼ਾਸਨ ਪਰਾਲੀ ਸਾੜਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ।
ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਕੋਲ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਸਿਵਾਏ ਹੋਰ ਕੋਈ ਹੱਲ ਨਹੀਂ ਹੈ।ਜਦੋਂ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਦਾ ਹੈ ਤਾਂ ਖੁਦ ਪਹਿਲਾਂ ਕਿਸਾਨ ਇਸ ਜ਼ਹਿਰੀਲੇ ਧੂੰਏਂ ਦਾ ਸ਼ਿਕਾਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੇ ਲਈ ਐਲਾਨ ਤਾਂ ਕਰਦੀਆਂ ਹਨ ਪਰ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਦੇ ਲਈ ਮਿਸ਼ਨਰੀ ਕੋਈ ਵੀ ਉਪਲਬਧ ਨਹੀਂ ਕਵਾਉਂਦੀਆਂ, ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਮਜ਼ਬੂਰੀ ਵੱਸ ਝੋਨੇ ਦੀ ਪਰਾਲੀ ਸਾੜਨੀ ਪੈ ਰਹੀ ਹੈ।
ਕਿਸਾਨ ਸੁਖਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਪ੍ਰਤੀ ਕੁਇੰਟਲ ਦੋ ਸੌ ਰੁਪਏ ਬੋਨਸ ਅਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਕਿਸਾਨ ਨੂੰ ਮਸ਼ੀਨਰੀ ਉਪਲੱਬਧ ਕਰਵਾਉਣ ਦੇ ਦਾਅਵੇ ਕਰਦਾ ਹੈ ਪਰ ਵਿਭਾਗ ਆਪਣੇ ਚਹੇਤਿਆਂ ਨੂੰ ਮਿਸ਼ਨਰੀ ਉਪਲੱਬਧ ਕਰਵਾਉਂਦਾ ਹੈ। ਜਦੋਂ ਕਿ ਛੋਟੇ ਕਿਸਾਨਾਂ ਤੱਕ ਇਹ ਮਸ਼ੀਨਰੀ ਨਹੀਂ ਪਹੁੰਚਦੀ ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਨੀ ਪੈਂਦੀ ਹੈ। ਜੇਕਰ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਸਿੱਧੀ ਬਿਜਾਈ ਕਰਦੇ ਨੇ ਤਾਂ ਇਸ ਤੇ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਜਿਸ ਕਾਰਨ ਕਿਸਾਨਾਂ ਦੀ ਫਸਲ ਫਿਰ ਖਰਾਬ ਹੋ ਜਾਂਦੀ ਹੈ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਕਿਸਾਨ ਗਰੁੱਪਾਂ, ਕੋਆਪ੍ਰੇਟਿਵ ਸੋਸਾਇਟੀ ਅਤੇ ਪੰਚਾਇਤਾਂ ਵੱਲੋਂ 2270 ਦਰਖਾਸਤਾਂ ਮਿਲੀਆਂ ਸੀ। ਜਿਨ੍ਹਾਂ ਵਿੱਚੋਂ 1337 ਦਰਖਾਸਤਾਂ ਤੇ ਸੈਕਸ਼ਨ ਲੈਟਰ ਜਾਰੀ ਕੀਤੇ ਗਏ ਹਨ ਅਤੇ 1000 ਦੇ ਕਰੀਬ ਮਸ਼ੀਨਾਂ ਦੀ ਸਪਲਾਈ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਵਿਅਕਤੀ ਤੌਰ ਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਜਦੋਂ ਕਿ ਅੱਠ ਮੈਂਬਰਾਂ ਵਾਲੇ ਗਰੁੱਪ ਨੂੰ 80 ਫੀਸਦੀ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਂਦੀ ਹੈ
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਲਈ ਪਿੰਡ ਪਿੰਡ ਪੱਧਰ ਤੇ 1 ਨੋਡਲ ਅਫਸਰ ਲਗਾਇਆ ਗਿਆ ਹੈ ਅਤੇ 15,20 ਪਿੰਡਾਂ ਦਾ 1 ਕਲੱਸਟਰ ਨਿਯੁਕਤ ਕੀਤਾ ਗਿਆ ਹੈ। ਜਦੋਂ ਵੀ ਕਿਸੇ ਪਿੰਡ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਪਟਵਾਰੀ ਉਸ ਜ਼ਮੀਨ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਤੋਂ ਬਾਅਦ ਕਿਸਾਨ ਦਾ ਚਲਾਨ ਅਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ।
ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਵਾਲੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਤੇ ਸੱਠ ਦੇ ਕਰੀਬ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।