ਮਾਨਸਾ: ਪਿੰਡ ਜੋਗਾ ਦੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਐਮ.ਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਪੇਂਡੂ ਅਤੇ ਸ਼ਹਿਰੀ ਗਰੀਬ ਔਰਤਾਂ ਨੂੰ ਕਰਜ਼ੇ ਤੋਂ ਮੁਕਤ ਕਰਾਉਣ ਲਈ ਅਰਥੀ ਫੂਕ ਮੁਜ਼ਾਹਰਾ ਕੀਤਾ। ਜਥੇਬੰਦੀਆਂ ਨੇ ਕੌਮੀ ਸੱਦੇ ਤੇ 31 ਅਗਸਤ ਦੇਸ਼ ਅੰਦਰ ਔਰਤ ਕਰਜ਼ਾ ਮੁਆਫ਼ੀ ਅੰਦੋਲਨ ਤਹਿਤ ਪਿੰਡ ਅੰਦਰ ਮਾਰਚ ਕਰਕੇ ਕੇਂਦਰ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆ ਸੀਪੀਆਈ (ਐਮ.ਐਲ) ਲਿਬਰੇਸ਼ਨ ਦੇ ਜ਼ਿਲ੍ਹਾ ਆਗੂ ਕਾਮਰੇਡ ਪ੍ਰਦੀਪ ਗੁਰੂ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਕਾਮਰੇਡ ਨਾਹਰਜੀਤ ਸਿੰਘ ਝੱਬਰ ਕਿਹਾ ਕਿ ਗਰੀਬ ਔਰਤਾਂ ਨੂੰ ਕਰਜ਼ੇ ਤੋਂ ਮੁਕਤ ਕਰਾਉਣ ਲਈ ਪੂਰੇ ਪੰਜਾਬ ਵਿੱਚ ਅੰਦੋਲਨ ਤੇਜ ਕੀਤਾ ਜਾਵੇਗਾ ਅਤੇ ਕਰਜ਼ਾ ਮਾਫ਼ੀ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਰੈਲੀ ਦੀ ਤਰ੍ਹਾਂ ਪੂਰੇ ਦੇਸ਼ ਵਿੱਚ ਔਰਤ ਕਰਜ਼ਾ ਮੁਕਤੀ ਰੈਲੀ ਕਰਕੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆ ਗਈਆਂ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਤੇ ਸੂਬਾ ਸਰਕਾਰਾਂ ਕੋਰੋਨਾ ਦੀ ਬਿਮਾਰੀ ਦੀ ਆੜ ਹੇਠ ਮਜ਼ਦੂਰ, ਕਿਸਾਨ ਅਤੇ ਛੋਟੇ ਦੁਕਾਨਦਾਰਾਂ ਖ਼ਿਲਾਫ਼ ਨੀਤੀਆਂ ਘੜ ਕੇ ਦੇਸ਼ ਅੰਦਰ ਕੰਪਨੀ ਰਾਜ ਸਥਾਪਿਤ ਕਰਨਾ ਚਾਹੁੰਦਿਆਂ ਹਨ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਤੇ ਲੱਕ ਤੋੜਵੀਂ ਮਹਿੰਗਾਈ ਕਾਰਨ ਦੇਸ਼ ਅੰਦਰ 95% ਗਰੀਬ ਪਰਿਵਾਰ ਪ੍ਰਾਈਵੇਟ ਸਰਕਾਰੀ ਕਰਜ਼ਿਆਂ ਦੇ ਜਾਲ ਵਿੱਚ ਫਸੇ ਹੋਏ ਪਹਿਲਾਂ ਹੀ ਆਤਮਹੱਤਿਆ ਕਰ ਰਹੇ ਹਨ ਅਤੇ ਲੌਕਡਾਊਨ ਕਾਰਨ ਬੰਦ ਹੋਏ ਰੁਜ਼ਗਾਰ ਦੇ ਸਾਧਨਾਂ ਕਾਰਨ ਮਜ਼ਦੂਰ ਗਰੀਬ ਕਿਸਾਨਾਂ ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਜ਼ਿੰਦਗੀ ਨਰਕ ਬਣ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਬਿਮਾਰੀ ਸੰਕਟ ਸਮੇਂ ਗਰੀਬਾਂ ਦੀ ਬਾਂਹ ਫੜਨ ਦੀ ਥਾਂ ਤੇ ਅਮੀਰਾਂ ਨੂੰ ਖਜ਼ਾਨਾ ਲੁਟਾਇਆ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਸਰਕਾਰ ਨੇ ਮੁੱਠੀ ਭਰ ਪੂੰਜੀਪਤੀਆਂ ਦਾ 68 ਹਜ਼ਾਰ 700 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ ਪਰ ਗਰੀਬਾਂ ਦੇ ਮਾਮੂਲੀ ਕਰਜ਼ਿਆਂ ਦੀਆਂ ਕਿਸ਼ਤਾਂ ਜ਼ਬਰੀ ਭਰਵਾਈਆਂ ਜਾ ਰਹੀਆਂ ਹਨ ਅਤੇ ਨਿਲਾਮੀਆਂ ਕੁਰਕੀਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।