ਮਾਨਸਾ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਨੇ ਲੱਦਾਖ ਦੀ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਸਿਪਾਹੀ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਹਰਸਿਮਰਤ ਬਾਦਲ ਨੇ ਕਿਹਾ ਕਿ ਨਵਾਂ ਭਾਰਤ ਚੀਨ ਨੂੰ ਇਸ 'ਤੇ ਹਮਲਾ ਨਹੀਂ ਕਰਨ ਦੇਵੇਗਾ ਤੇ ਦੇਸ਼ ਕਿਸੇ ਵੀ ਖਤਰੇ ਦਾ ਦ੍ਰਿੜਤਾ ਨਾਲ ਸਾਹਮਣਾ ਕਰਨ ਦੇ ਸਮਰਥ ਹੈ।
ਕੇਂਦਰੀ ਮੰਤਰੀ, ਜਿਨ੍ਹਾਂ ਨੇ ਪਿੰਡ ਬੀਰੇਵਾਲਾ ਡੋਗਰਾ ਵਿਖੇ ਸਿਪਾਹੀ ਗੁਰਤੇਜ ਸਿੰਘ ਨੂੰ ਸਲਾਮੀ ਤੇ ਸ਼ਰਧਾਂਜਲੀ ਦਿੱਤੀ, ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹੀਦ ਦਾ ਬਲਿਦਾਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਅਤੇ ਦੁਸ਼ਮਣ ਨੂੰ ਠੋਕਵਾਂ ਜਵਾਬ ਦੇਣ ਦੇ ਸਮਰਥ ਹੈ।
ਇਹ ਵੀ ਪੜੋ: ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਚੰਡੀਗੜ੍ਹ ਪਹੁੰਚਣ 'ਤੇ ਮੁੱਖ ਮੰਤਰੀ ਨੇ ਦਿੱਤੀ ਸਲਾਮੀ
ਹਰਸਿਮਰਤ ਬਾਦਲ ਨੇ ਸ਼ਹੀਦ ਦੇ ਪਿੰਡ ਵਾਲਿਆਂ ਨਾਲ ਵੀ ਗਲੱਬਾਤ ਕੀਤੀ। ਉਨ੍ਹਾਂ ਨੂੰ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਕਿ ਪਿੰਡ ਵਿਚ ਕਾਲਜ ਸਥਾਪਿਤ ਕੀਤਾ ਜਾਵੇ। ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਬਣਾਉਣ ਵਾਸਤੇ ਕੰਮ ਕਰਨਗੇ ਤੇ ਉਨ੍ਹਾਂ ਨੇ ਪੰਚਾਇਤ ਨੂੰ ਮਤਾ ਪਾਸ ਕਰ ਕੇ ਇਸਦੀ ਕਾਪੀ ਉਨ੍ਹਾਂ ਨੂੰ ਭੇਜਣ ਲਈ ਆਖਿਆ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਵੀ ਦੁਆਇਆ ਕਿ ਉਨ੍ਹਾਂ ਨੂੰ ਕੇਂਦਰ ਤੋਂ ਹਰ ਉਹ ਸਹੂਲਤ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ।