ਮਾਨਸਾ: ਕਸਬਾ ਸਰਦੂਲਗੜ੍ਹ ਦੇ ਨਜ਼ਦੀਕ ਗੁਜ਼ਰਦੀ ਘੱਗਰ ਨਦੀ ਦੇ ਵੀ ਦਿਨ ਬਦਲਣ ਲੱਗ ਗਏ ਹਨ। ਇਸ ਨਦੀ ਵਿੱਚ ਡਿੱਗਦੇ ਉਦਯੋਗਾਂ ਦੇ ਗੰਦੇ ਪਾਣੀ ਨੇ ਇਸ ਨਦੀ ਨੂੰ ਗੰਦੇ ਨਾਲੇ ਵਿੱਚ ਬਦਲ ਦਿੱਤਾ ਸੀ ਪਰ ਕਰਫਿਊ ਦੇ ਮੱਦੇਨਜ਼ਰ ਬੰਦ ਹੋਏ ਉਦਯੋਗਾਂ ਕਾਰਨ ਘੱਗਰ ਨਦੀ ਵਿੱਚ ਸਾਫ਼ ਪਾਣੀ ਵਗ ਰਿਹਾ ਹੈ। ਤਾਲਾਬੰਦੀ ਇਸ ਨਦੀ ਲਈ ਵਰਦਾਨ ਸਾਬਤ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਘੱਗਰ ਦੇ ਆਸ ਪਾਸ ਰਹਿਣ ਵਾਲੇ ਲੋਕ ਨੂੰ ਵੀ ਇਸ ਵਿੱਚੋਂ ਆਉਂਦੀ ਬਦਬੂ ਤੋਂ ਰਾਹਤ ਮਿਲੀ ਹੈ।
ਕੋਰੋਨਾ ਵਾਇਰਸ ਕਾਰਨ ਤਾਲਾਬੰਦੀ ਦੇ ਮੱਦੇਨਜ਼ਰ, ਬੰਦ ਪਏ ਉਦਯੋਗਾਂ ਨੇ ਘੱਗਰ ਨਦੀ ਨੂੰ ਵੱਡੀ ਰਾਹਤ ਦਿੱਤੀ ਹੈ। ਉਦਯੋਗ ਬੰਦ ਹੋਣ ਨਾਲ ਉਦਯੋਗਾਂ ਦਾ ਗੰਦਾ ਅਤੇ ਜ਼ਹਿਰੀਲਾ ਪਾਣੀ ਇਸ ਨਦੀ ਵਿੱਚ ਨਹੀਂ ਪੈ ਰਿਹਾ ਜਿਸ ਕਾਰਨ ਇਸ ਘੱਗਰ ਨਦੀ ਦਾ ਪਾਣੀ ਸਾਫ਼ ਅਤੇ ਸ਼ੁੱਧ ਹੋ ਗਿਆ ਹੈ।
ਉੱਥੇ ਹੀ ਇਸ ਨਦੀ ਦੇ ਕਿਨਾਰੇ ਰਹਿੰਦੇ ਪਿੰਡਾਂ ਵਾਲਿਆਂ ਨੇ ਦੱਸਿਆ ਕਿ ਇਸ ਨਾਲ ਵਾਤਾਵਰਨ ਵੀ ਕਾਫੀ ਸਾਫ ਹੋ ਗਿਆ ਹੈ। ਸਰਦੂਲਗੜ੍ਹ ਖੇਤਰ ਦੇ ਪਿੰਡਾਂ 'ਚੋਂ ਲੋਕ ਇਸ ਨਦੀ ਦੀ ਦਸ਼ਾ ਬਦਲਣ ਤੋਂ ਖੁਸ਼ ਹਨ। ਘੱਗਰ ਵਿੱਚ ਬਹਿੰਦੇ ਕਾਲੇ ਪਾਣੀ ਉਤੇ ਰਾਜਨੀਤਿਕ ਲੋਕ ਕਾਰਖਾਨੇਦਾਰ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਗੱਠਜੋੜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੁਖਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਪਹਿਲਾਂ ਜਦੋਂ ਘੱਗਰ ਸਾਫ ਸੀ, ਤਾਂ ਸਾਰੇ ਡੇਰੇ ਅਤੇ ਗੁਰਦੁਆਰੇ ਸਾਹਿਬ ਅਤੇ ਘਰਾਂ ਵਿੱਚ ਇਸ ਨਦੀ ਦਾ ਪਾਣੀ ਇਸਤੇਮਾਲ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਚੱਲ ਰਹੇ ਕਾਲੇ ਪਾਣੀ ਅਤੇ ਜ਼ਹਿਰੀਲੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਹੀ 'ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਬੰਦ ਹੋਈ ਇੰਡਸਟਰੀ ਤੋਂ ਸੱਪਸ਼ਟ ਹੋ ਗਿਆ ਹੈ ਕਿ ਇਸ ਪਾਣੀ ਨੂੰ ਗੰਦਾ ਕਰਨ ਵਿੱਚ ਕਾਰਖਾਨੇ, ਰਾਜਨੀਤਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਜ਼ਿੰਮੇਵਾਰ ਹਨ। ਘੱਗਰ ਦੇ ਕਿਨਾਰੇ ਰਹਿਣ ਵਾਲੇ ਲੋਕ ਘੱਗਰ ਚੋਂ ਮਿਲਣ ਵਾਲੇ ਗੰਦੇ ਅਤੇ ਕੈਮੀਕਲ ਯੁਕਤ ਪਾਣੀ ਤੋਂ ਪ੍ਰੇਸ਼ਾਨ ਹਨ।
ਘੱਗਰ ਦੇ ਕਿਨਾਰੇ ਰਹਿਣ ਵਾਲੇ ਜੱਗਾ ਸਿੰਘ ਅਤੇ ਗੁਰਚੇਤ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਤੋਂ ਬਾਅਦ ਫ਼ੈਕਟਰੀਆਂ ਬੰਦ ਹੋ ਗਈਆ ਅਤੇ ਗੰਦਾ ਪਾਣੀ ਵੀ ਘੱਗਰ ਚੋਂ ਪੈਣਾ ਬੰਦ ਹੋ ਗਿਆ ਜਿਸ ਤੋਂ ਬਾਅਦ ਪਾਣੀ ਸਾਫ਼ ਹੋ ਗਿਆ ਹੈ।
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅੱਗੇ ਵੀ ਕੰਮ ਕਾਜ ਸ਼ੁਰੂ ਹੋਵੇਗਾ ਤਾਂ ਫੈਕਟਰੀਆਂ 'ਤੇ ਧਿਆਨ ਦਿੱਤਾ ਜਾਵੇ ਤਾਂ ਕਿ ਸਾਡਾ ਵਾਤਾਵਰਨ ਖਰਾਬ ਨਾ ਹੋਵੇ।
ਇਹ ਵੀ ਪੜ੍ਹੋ:ਈਟੀਵੀ ਭਾਰਤ ਦੀ ਖ਼ਬਰ ਦੇ ਅਸਰ: ਕਤਾਰਾਂ 'ਚ ਖੜ੍ਹੇ ਲੋਕਾਂ ਨੂੰ ਮਿਲਿਆ ਕੁਰਸੀਆਂ