ਮਾਨਸਾ :ਜਿਥੇ ਹਰ ਵਰਗ ਦੇ ਲੋਕ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਹਨ, ਉਥੇ ਹੀ ਕਿਸਾਨ ਵੀ ਇਸ ਤੋਂ ਅਛੂਤੇ ਨਹੀਂ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀਬਾਘਾ ਵਿਖੇ ਸਾਹਮਣੇ ਆਇਆ ਹੈ। ਇਥੇ ਕੋਰੋਨਾ ਦੀ ਮਾਰ ਹੇਠ ਸ਼ਿਮਲਾ ਮਿਰਚ ਦੀ ਖਰੀਦ ਨਾਂ ਹੋਣ ਦੇ ਚਲਦੇ ਕਿਸਾਨ ਬੇਹਦ ਪਰੇਸ਼ਾਨ ਹਨ।
ਕੋਰੋਨਾ ਵਾਇਰਸ ਦੇ ਚਲਦੇ ਖਰੀਦ ਨਾ ਹੋਣ ਦੇ ਚਲਦੇ ਕਿਸਾਨਾਂ ਨੇ ਸ਼ਿਮਲਾ ਮਿਰਚ ਦੀ ਫਸਲ ਨਸ਼ਟ ਕਰ ਦਿੱਤੀ ਗਈ। ਈਟੀਵੀ ਭਾਰਤ ਵੱਲੋਂ ਇਹ ਖ਼ਬਰ ਨਸ਼ਰ ਹੋਣ ਮਗਰੋਂ ਮੰਡੀ ਪ੍ਰਸ਼ਾਸਨ ਹਰਕਤ 'ਚ ਆਇਆ ਤੇ ਅਧਿਕਾਰੀ ਕਿਸਾਨਾਂ ਦੀ ਸਾਰ ਲੈਣ ਪੁੱਜੇ। ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਕੋਰੋਨਾ ਦੇ ਚਲਦੇ ਲੌਕਡਾਊਨ ਹੋਣ ਕਾਰਨ ਉਨ੍ਹਾਂ ਦੀ ਫਸਲ ਨਹੀਂ ਵਿੱਕ ਸਕੀ। ਜਿਸ ਦੇ ਚਲਦੇ ਉਨ੍ਹਾਂ ਨੂੰ ਆਪਣੀ ਫਸਲ ਸੜਕਾਂ ਤੇ ਸੁੱਟਣੀ ਪਈ। ਉਨ੍ਹਾਂ ਆਖਿਆ ਕਿ ਇਸ ਵਾਰ ਵੀ ਕੋਰੋਨਾ ਪਾਬੰਦੀਆਂ ਤੇ ਮਿੰਨੀ ਲੌਕਡਾਊਨ ਕਾਰਨ ਵਪਾਰੀ ਨਹੀਂ ਪਹੁੰਚ ਰਹੇ ਤੇ ਉਨ੍ਹਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ।ਇਸ ਕਾਰਨ ਉਨ੍ਹਾਂ ਫਸਲ ਨਸ਼ਟ ਕਰਨੀ ਪਈ।
ਇਸ ਮੌਕੇ ਕਿਸਾਨਾਂ ਦੀ ਸਾਰ ਲੈਣ ਪਹੁੰਚੇ, ਜ਼ਿਲ੍ਹਾ ਮੰਡੀ ਅਫਸਰ ਰਜਨੀਸ਼ ਗੋਇਲ ਨੇ ਦੱਸਿਆ ਕਿ ਮੀਡੀਆ ਵੱਲੋਂ ਕਿਸਾਨਾਂ ਰਾਹੀਂ ਸ਼ਿਮਲਾ ਮਿਰਚ ਨੂੰ ਖੇਤਾਂ 'ਚ ਨਸ਼ਟ ਕਰਨ ਸਬੰਧੀ ਖ਼ਬਰ ਨਸ਼ਰ ਹੋਈ ਸੀ। ਜਿਸ ਤੋਂ ਬਾਅਦ ਜ਼ਿਲ੍ਹਾ ਮੰਡੀ ਬੋਰਡ ਤੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਕਿਸਾਨਾਂ ਦੀ ਸਮੱਸਿਆ ਸੁਣਨ ਦੇ ਲਈ ਉਨ੍ਹਾਂ ਦੀ ਡਿਊਟੀ ਲਗਾਈ ਗਈ। ਇਸ ਤਹਿਤ ਉਹ ਕਿਸਾਨਾਂ ਨੂੰ ਮਿਲਣ ਪੁੱਜੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਸੁਣਿਆਂ।
ਇਹ ਵੀ ਪੜ੍ਹੋ : ਲੁਧਿਆਣਾ ਦੇ ਸ਼ਮਸ਼ਾਨ ਘਾਟ'ਚ ਕੋਰੋਨਾ ਮਰੀਜ਼ਾਂ ਦੇ ਅੰਤਮ ਸਸਕਾਰ ਦੇ ਨਾਮ ਉਤੇ ਲੁੱਟ
ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖ਼ਤ ਪਾਬੰਦੀਆਂ ਦੇ ਚਲਦੇ ਸ਼ਿਮਲਾ ਮਿਰਚ ਖਰੀਦਣ ਲਈ ਵਪਾਰੀ ਪੰਜਾਬ ਨਹੀਂ ਆ ਰਹੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਮੱਸਿਆ ਜ਼ਰੂਰ ਹੈ ਤੇ ਨਾਂ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਰਿਹਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸ਼ਿਮਲਾ ਮਿਰਚ ਦੀ ਫਸਲ ਜੈਪੁਰ, ਫ਼ਰੀਦਾਬਾਦ, ਗਾਜ਼ੀਆਬਾਦ, ਦਿੱਲੀ ਜਾਂਦੀ ਹੈ, ਪਰ ਇਸ ਵਾਰ ਵਪਾਰੀਆਂ ਦੇ ਨਾਂ ਆਉਣ ਕਾਰਨ ਕਿਸਾਨ ਖੇਤਾਂ ਚ ਫਸਲ ਨਸ਼ਟ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਲਦ ਹੀ ਕਿਸਾਨਾਂ ਦੀ ਮੰਡੀਕਰਨ ਸਬੰਧੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗ ਤੇ ਉਨ੍ਹਾਂ ਦੀ ਫ਼ਸਲ ਨੂੰ ਟ੍ਰਾਂਸਪੋਰਟ ਕਰਨ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ।