ਮਾਨਸਾ: ਜ਼ਿਲ੍ਹੇ ਦੇ ਕਸਬਾ ਭੀਖੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਬੈਂਕ ਮੁਲਾਜ਼ਮਾਂ ਨੂੰ ਬੈਂਕ ਦੇ ਅੰਦਰ ਬੰਦ ਕਰਕੇ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਬੈਂਕ ਕਿਸਾਨਾਂ ਦੇ ਖ਼ਾਲੀ ਚੈੱਕ ਵਾਪਸ ਕਰੇ ਕਿਉਂਕਿ ਹਾਈ ਕੋਰਟ ਨੇ ਬੈਂਕ ਅਧਿਕਾਰੀਆਂ ਨੂੰ ਕਿਸਾਨਾਂ ਦੇ ਖ਼ਾਲੀ ਚੈੱਕ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ ਪਰ ਬੈਂਕ ਵੱਲੋਂ ਕਿਸਾਨਾਂ ਦੇ ਚੈੱਕ ਵਾਪਸ ਨਹੀਂ ਕੀਤੇ ਜਾ ਰਹੇ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਵਿੱਚ ਨਹੀਂ ਲਿਖਿਆ ਕਿ ਕਰਜ਼ਾ ਦੇਣ ਵੇਲੇ ਕਿਸਾਨ ਆਪਣੀ ਜ਼ਮੀਨ ਵੀ ਗਹਿਣੇ ਰੱਖਣ ਅਤੇ ਖਾਲੀ ਚੈੱਕ ਵੀ ਬੈਂਕ ਨੂੰ ਦੇਣ।
ਕਿਸਾਨਾਂ ਨੇ ਦੋਸ਼ ਲਾਇਆ ਕਿ ਕੁਦਰਤੀ ਆਫ਼ਤ ਦੇ ਚਲਦਿਆਂ ਕੋਈ ਵੀ ਕਿਸਾਨ ਕਰਜ਼ੇ ਦੀ ਕਿਸ਼ਤ ਨਹੀਂ ਦੇ ਸਕਦੇ ਤਾਂ ਬੈਂਕ ਮੁਲਾਜ਼ਮ ਉਨ੍ਹਾਂ ਦੇ ਚੈੱਕ ਅਦਾਲਤ ਵਿੱਚ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਦੇ ਹਨ।