ਮਾਨਸਾ: ਖੇਤੀ ਸੁਧਾਰ ਕਾਨੂੰਨ ਖ਼ਿਲਾਫ ਪੂਰਾ ਪੰਜਾਬ ਇਕਜੁਟ ਹੈ। ਕਿਸਾਨਾਂ ਵੱਲੋਂ ਰੇਲ ਅੰਦੋਲਨ ਜਾਰੀ ਰੱਖਿਆ ਗਿਆ ਹੈ। ਉੱਥੇ ਹੀ ਕਿਸਾਨੀ ਸੰਘਰਸ਼ ਦੇ ਕਾਰਨ ਰੇਲ ਆਵਾਜਾਈ ਠੱਪ ਹੋ ਗਈ ਹੈ ਜਿਸ ਕਰਕੇ ਪਿੰਡ ਬਣਾਂਵਾਲਾ ਵਿੱਚ ਵੇਦਾਂਤਾ ਕੰਪਨੀ ਵੱਲੋਂ ਲਗਾਏ ਗਏ ਉੱਤਰ ਭਾਰਤ ਦੇ ਸਭ ਤੋਂ ਵੱਡੇ 1980 ਮੇਗਾਵਾਟ ਦੀ ਸਮਰੱਥਾ ਵਾਲੇ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਿਟੇਡ ਦੇ ਤਿੰਨਾਂ ਯੂਨਿਟ ਬੰਦ ਹੋ ਚੁੱਕੇ ਹਨ।
ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਕਾਰਨ ਰੇਲ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਬੰਦ ਹੋ ਗਈ ਜਿਸ ਕਾਰਨ ਥਰਮਲ ਪਾਵਰ ਪਲਾਂਟ ਬੰਦ ਹੋ ਰਹੇ ਹਨ। ਇਸ ਕਾਰਨ ਬਿਜਲੀ ਦੀ ਪਰੇਸ਼ਾਨੀ ਹੋ ਸਕਦੀ ਹੈ, ਜਦੋਂਕਿ ਥਰਮਲ ਪਾਵਰ ਪਲਾਂਟ ਦੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਕਿਸਾਨ ਆਗੂ ਜਗਦੇਵ ਸਿੰਘ ਅਤੇ ਹਰਿੰਦਰ ਸਿੰਘ ਨੇ ਕਿਹਾ ਕਿ ਜਿਸ ਬਣਾਂਵਾਲਾ ਵਿੱਚ ਅਸੀ ਬੈਠੇ ਹਾਂ, ਉਹ ਬਹੁਤ ਵੱਡਾ ਪ੍ਰੋਜੇਕਟ ਹੈ ਅਤੇ ਵੇਦਾਂਤਾ ਕੰਪਨੀ ਦਾ ਹੈ। ਉਸ ਦੇ ਅੱਗੇ ਅਸੀਂ ਇਸ ਲਈ ਬੈਠੇ ਹਾਂ ਕਿ ਵੇਦਾਂਤਾ ਕੰਪਨੀ ਤੇ ਲੋਕ ਆ ਕੇ ਸਾਡੀਆਂ ਜ਼ਮੀਨਾਂ 'ਤੇ ਵੱਡੇ ਉਦਯੋਗ ਨਾ ਲਾ ਲੈਣ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਦੇ ਸਰਕਾਰੀ ਥਰਮਲ ਪਲਾਂਟ ਨੂੰ ਵੀ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਇਹ ਸਰਕਾਰੀ ਪਲਾਂਟਾਂ ਨੂੰ ਵੇਚ ਰਹੇ ਹਨ ਤੇ ਪ੍ਰਾਈਵੇਟ ਲਗਾ ਰਹੇ ਹਨ ਤੇ ਸਾਡੀ ਜ਼ਮੀਨ ਸਾਡੇ ਕੋਲੋ ਖੋਹਣ ਜਾ ਰਹੇ ਹਨ। ਅਸੀਂ ਉਸ ਦੇ ਵਿਰੋਧ ਵਿੱਚ ਇੱਥੇ ਬੈਠੇ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਲੌਕਡਾਊਨ ਸੀ, ਉਦੋਂ ਇਹ ਉਦਯੋਗ ਬੰਦ ਨਹੀਂ ਹੋਏ। ਕਿਸਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਇਹ ਕਹਿ ਰਹੇ ਹੈ ਕਿ ਥਰਮਲ ਪਲਾਂਟ ਬੰਦ ਹੋ ਗਿਆ ਪਰ ਸਾਡੇ ਕਿਸਾਨਾਂ ਨੂੰ ਦੋਸ਼ੀ ਨਾ ਠਹਿਰਾਉਣ, ਅਸੀਂ ਇਸੇ ਤਰ੍ਹਾਂ ਮੋਰਚੇ ਉੱਤੇ ਬੈਠਕੇ ਬਿਜਲੀ ਦਾ ਇੰਤਜ਼ਾਮ ਵੀ ਕਰਵਾ ਕੇ ਰਹਾਂਗੇ।