ਮਾਨਸਾ:ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਜ਼ ਮੁਆਫ਼ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ, ਪਰ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ, ਤੇ ਅੱਜ ਵੀ ਕਿਸਾਨਾਂ ਦੀਆਂ ਕਰਜ਼ੇ ਕਾਰਨ ਖੁਦਕੁਸ਼ੀਆਂ ਨਹੀਂ ਰੁਕ ਰਹੀਆਂ। ਅਜਿਹਾ ਹੀ ਇੱਕ ਪਰਿਵਾਰ ਹੈ, ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦਾ ਜਿਸ ਦੇ ਵਿੱਚ ਕਿਸਾਨ ਜਸਵੀਰ ਸਿੰਘ ਵੱਲੋਂ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਲਈ ਗਈ, ਅਤੇ ਉਸ ਤੋਂ ਬਾਅਦ ਉਸ ਦੇ ਪਿਤਾ ਦੀ ਵੀ ਕੈਂਸਰ ਦੇ ਨਾਲ ਮੌਤ ਹੋ ਗਈ ਸੀ। ਪਰ ਪਰਿਵਾਰ ਦਾ ਹਾਲੇ ਵੀ ਕਰਜ਼ ਮੁਆਫ਼ ਨਹੀਂ ਹੋਇਆ।
ਅੱਜ ਘਰ ਦੇ ਵਿੱਚ ਦੋ ਔਰਤਾਂ ਅਤੇ ਦੋ ਨਿੱਕੇ ਬੱਚੇ ਹਨ ਜੋ ਪੰਜਾਬ ਸਰਕਾਰ ਦੇ ਵਾਅਦੇ ਨੂੰ ਅੱਜ ਵੀ ਕੋਸ ਰਹੀਆਂ ਹਨ। ਪੀੜਤ ਔਰਤ ਕਰਮਜੀਤ ਕੌਰ ਨੇ ਦੱਸਿਆ, ਕਿ ਉਸ ਦੇ ਪਤੀ ਜਸਵੀਰ ਸਿੰਘ ਕਰਜ਼ ਦੇ ਕਾਰਨ ਪਰੇਸ਼ਾਨ ਰਹਿੰਦਾ ਸੀ। ਜਿਸ ਤੋਂ ਪ੍ਰੇਸ਼ਾਨ ਹੋ ਕੇ ਜਸਵੀਰ ਸਿੰਘ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ 5 ਏਕੜ ਜ਼ਮੀਨ ਦਾ ਮਾਲਕ ਸੀ।
ਪੀੜਤ ਔਰਤ ਨੇ ਦੱਸਿਆ, ਜਸਵੀਰ ਸਿੰਘ ਦੀ ਮੌਤ ਤੋਂ ਬਾਅਦ ਬੈਂਕ ਵਾਲੇ ਟਰੈਕਟਰ ਵੀ ਲੈ ਗਏ, ਤੇ ਅੱਜ ਵੀ ਬੈਂਕ ਦੇ ਮੁਲਾਜ਼ਮ ਘਰ ਵਿੱਚ ਦੋ ਮੌਤਾਂ ਤੋਂ ਬਾਅਦ ਵੀ ਨੋਟਿਸ ਭੇਜ ਰਹੇ ਹਨ। ਇਸ ਮੌਕੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ, ਕਿ ਉਸ ਦੇ ਪਤੀ ਦੀ ਮੌਤ ਤੋਂ ਥੋੜ੍ਹਾ ਸਮਾਂ ਬਾਅਦ ਹੀ ਸਹੁਰੇ ਦੀ ਵੀ ਕੈਂਸਰ ਦੇ ਕਾਰਨ ਮੌਤ ਹੋ ਗਈ, ਹੁਣ ਪਰਿਵਾਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈ।
ਪੀੜਤ ਔਰਤ ਆਪਣੇ ਦੋ ਛੋਟੇ ਬੱਚਿਆ ਤੇ ਸੱਸ ਨਾਲ ਰਹਿੰਦੀ ਹੈ, ਜੋ ਦੁੱਧ ਵੇਚ ਕੇ ਤੇ ਕੱਪੜੇ ਸਿਲਾਈ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ। ਕਰਮਜੀਤ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਕਿ ਪੰਜਾਬ ਸਰਕਾਰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਵੇ, ਤੇ ਉਨ੍ਹਾਂ ਦਾ ਸਾਰਾ ਕਰਜ਼ ਮੁਆਫ਼ ਕਰੇ।
ਕਿਸਾਨ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ, ਕਿ ਕਿਸੇ ਵੀ ਕਿਸਾਨ ਦਾ ਕਰਜ਼ ਦੇ ਬਦਲੇ ਕੁਰਕੀ ਨਹੀਂ ਹੋਵੇਗੀ। ਬੈਂਕ ਅਧਿਕਾਰੀ ਗੇੜਾ ਨਹੀਂ ਮਾਰਨਗੇ ਅਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਹੀਂ ਕਰਨੀਆਂ ਪੈਣਗੀਆਂ, ਪਰ ਅੱਜ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ। ਪੰਜਾਬ ਸਰਕਾਰ ਨੇ ਕਿਸੇ ਵੀ ਕਿਸਾਨ ਦਾ ਕਰਜ਼ ਮੁਆਫ ਨਹੀਂ ਕੀਤਾ।