ਮਾਨਸਾ: ਬੀਤੇ ਸ਼ੁੱਕਰਵਾਰ ਦੇ ਦਿਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੁਢਲਾਡਾ ਵਿੱਚ ਰੇਲ ਲਾਈਨਾਂ ਉੱਤੇ ਲਗਾਏ ਧਰਨੇ ਵਿੱਚ ਸ਼ਾਮਲ 80 ਸਾਲ ਦੀ ਬਜ਼ੁਰਗ ਔਰਤ ਤੇਜ ਕੌਰ ਦੀ ਮੌਤ ਹੋ ਗਈ ਸੀ। ਇਸ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ, ਸਾਰਾ ਕਰਜ ਮਾਫ਼ ਕਰਨ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕਰਦੇ ਹੋਏ ਮ੍ਰਿਤਕ ਔਰਤ ਦਾ ਅੰਤਿਮ ਸਸਕਾਰ ਨਹੀਂ ਕਰਨ ਦਾ ਐਲਾਨ ਕੀਤਾ।
ਅੱਜ ਚਾਰ ਦਿਨ ਬੀਤਣ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਮੰਗ ਪੂਰੀ ਨਹੀਂ ਕੀਤੀ ਗਈ ਹੈ। ਮੰਗ ਪੂਰੀ ਨਾ ਹੋਣ ਕਾਰਨ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮਾਤਾ ਤੇਜ ਕੌਰ ਦੀ ਮੌਤ ਪਿਛਲੇ ਦਿਨੀਂ ਧਰਨੇ ਦੌਰਾਨ ਬੁਢਲਾਡਾ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਹੋਣ ਵਾਲੀ ਮੌਤਾਂ ਲਈ ਸਰਕਾਰਾਂ ਜ਼ਿੰਮੇਦਾਰ ਹੁੰਦੀਆਂ ਹਨ। ਇਸ ਤਰ੍ਹਾਂ ਦੇ ਸੰਘਰਸ਼ਾਂ ਵਿੱਚ ਮਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਅਸੀਂ ਸਰਕਾਰ ਤੋਂ ਮੁਆਵਜਾ ਵਸੂਲ ਕਰਦੇ ਹਾਂ। ਜਦੋਂ ਤੱਕ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀਂ ਕਰਦੀ ਉਸ ਵੇਲੇ ਤੱਕ ਨਾ ਪੋਸਟਮਾਰਟਮ ਹੋਵੇਗਾ ਅਤੇ ਨਾ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਧਰਨੇ ਉੱਤੇ ਬੈਠੇ ਕਿਸਾਨਾਂ ਨਾਲ ਪ੍ਰਸ਼ਾਸਨ ਨੇ ਗੱਲਬਾਤ ਤਾਂ ਕੀਤੀ ਪਰ ਉਸ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਉੱਤੇ ਕਿਸਾਨਾਂ ਨੇ ਪੁਲਿਸ ਬੈਰੀਗੇਟ ਤੋੜ ਕੇ ਭੱਜਦੇ ਹੋਏ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਮੁੱਖ ਗੇਟ ਨੂੰ ਘੇਰ ਲਿਆ। ਕਿਸਾਨ ਆਗੂ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਨਾਲ ਮਿਲੇ ਪਰ ਉਨ੍ਹਾਂ ਨੇ ਕੁੱਝ ਪੱਲੇ ਨਹੀਂ ਪਾਇਆ। ਸਿਰਫ ਪਹਿਲਾਂ ਦੀ ਤਰ੍ਹਾਂ ਲਾਰੇ ਲਾ ਰਹੇ ਹਨ।