ਮਾਨਸ: ਸਰਦੂਲਗੜ੍ਹ ਵਿੱਚ ਉਸ ਸਮੇਂ ਮਹੌਲ ਸਨਸਨੀ ਵਾਲਾ ਹੋ ਗਿਆ ਜਦੋਂ ਬਲੈਰੋ ਸਵਾਰ ਨੌਜਵਾਨ ਨੇ ਇੱਕ ਟਰੈਕਟਰ ਸਵਾਰ ਨੌਜਵਾਨ ਨੂੰ ਅਗਵਾਹ ਕਰ ਲਿਆ। ਇਸ ਅਗਵਾਹ ਦੀ ਘਟਨਾ ਦੇ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਨੌਜਵਾਨ ਨੂੰ ਖੈਰਾਂ ਕਲਾਂ ਪਿੰਡ ਦੇ ਖੇਤਾਂ ਵਿੱਚੋਂ ਬਰਾਮਦ ਕਰ ਲਿਆ। ਇਕ ਦੌਰਾਨ ਅਗਵਾਹ ਕਰਨ ਵਾਲੇ ਆਪਣੀ ਬਲੈਰੋ ਗੱਡੀ ਛੱਡਕੇ ਭੱਜ ਗਏ।
ਜਾਣਕਾਰੀ ਅਨੁਸਾਰ ਪਿੰਡ ਕਾਹਨੇਵਾਲਾ ਦਾ ਰਾਜਕੁਮਾਰ ਸਰਦੂਲਗੜ੍ਹ ਸੀਮੇਂਟ ਲੈਣ ਲਈ ਆਇਆ ਸੀ। ਜਦੋਂ ਉਹ ਵਾਪਸ ਆਪਣੇ ਪਿੰਡ ਨੂੰ ਮੁੜ ਰਿਹਾ ਸੀ ਤਾਂ ਪਿੱਛੋਂ ਆਉਂਦੀ ਹੋਈ ਬਲੈਰੋ ਨੇ ਉਸ ਨੂੰ ਰੋਕ ਲਿਆ। ਇਸ ਵਿੱਚੋਂ ਚਾਰ ਨੌਜਵਾਨਾਂ ਨੇ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਸੁੱਟ ਲਿਆ।
ਨੌਜਵਾਨ ਦੇ ਭਰਾ ਰਾਮਜੀਤ ਨੇ ਦੱਸਿਆ ਕਿ ਰਾਜਕੁਮਾਰ ਸਰਦੂਲਗੜ੍ਹ ਸੀਮੇਂਟ ਲੈਣ ਗਿਆ ਸੀ ਅਤੇ ਅਸੀਂ ਉਸ ਦੀ ਉਡੀਕ ਕਰ ਰਹੇ ਸੀ। ਇਸੇ ਦੌਰਾਨ ਉਨ੍ਹਾਂ ਨੂੰ ਸਰਪੰਚ ਦਾ ਫੋਨ ਆਇਆ ਕਿ ਰਾਜਕੁਮਾਰ ਨੂੰ ਬਲੈਰੋ ਗੱਡੀ ਵਿੱਚ ਸਵਾਰ ਨੌਜਵਾਨ ਚੁੱਕ ਕੇ ਲੈ ਗਏ ਹਨ।
ਸਰਪੰਚ ਮਹਿੰਦਰ ਰਾਮ ਨੇ ਦੱਸਿਆ ਕਿ ਮੈਂ ਉਸ ਸਮੇਂ ਉੱਥੇ ਦੁਕਾਨ ਵਿੱਚ ਮੌਜੂਦ ਸੀ ਅਤੇ ਜਦੋਂ ਰਾਜ ਕੁਮਾਰ ਉੱਥੋਂ ਸਾਮਾਨ ਲੈ ਕੇ ਕੁੱਝ ਦੂਰ ਗਿਆ ਤਾਂ ਬਲੈਰੋ ਗੱਡੀ ਵਿੱਚ ਸਵਾਰ ਨੌਜਵਾਨ ਰਾਜ ਕੁਮਾਰ ਨੂੰ ਗੱਡੀ ਵਿੱਚ ਸੁੱਟ ਕੇ ਲੈ ਗਏ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਉਨ੍ਹਾਂ ਨੇ ਥਾਣਾ ਮੁਖੀ ਨੂੰ ਫੋਨ ਕੀਤਾ ਅਤੇ ਘਟਨਾ ਦੀ ਜਾਣਕਾਰੀ ਦਿੱਤੀ।
ਸਰਦੂਲਗੜ੍ਹ ਦੇ ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਸਾਨੂੰ ਪਿੰਡ ਕਾਹਨੇਵਾਲਾ ਦੇ ਰਹਿਣ ਵਾਲੇ ਇੰਦਰਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤ ਰਾਜ ਕੁਮਾਰ ਨੂੰ ਰਾਜੇਸ਼ ਕੁਮਾਰ ਆਪਣੇ ਤਿੰਨ ਸਾਥੀਆਂ ਦੇ ਨਾਲ ਬਲੈਰੋ ਗੱਡੀ ਵਿੱਚ ਅਗਵਾਹ ਕਰਕੇ ਲੈ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਗਵਾਹਕਾਰਾਂ ਦਾ ਪਿੱਛਾ ਕਰਦੇ ਹੋਏ ਰਾਜ ਕੁਮਾਰ ਨੂੰ ਬਰਾਮਦ ਕਰ ਲਿਆ ਹੈ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਗੱਡੀ ਛੱਡ ਅਗਵਾਹਕਾਰ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਉਕਤ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।