ਮਾਨਸਾ: ਸਿਵਲ ਹਸਪਤਾਲ ਵਿੱਚੋਂ ਦੋ ਹੋਰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਮਾਨਸਾ ਹਸਪਤਾਲ ਵਿੱਚ ਹੁਣ 25 ਕੋਰੋਨਾ ਪੌਜ਼ੀਟਿਵ ਮਰੀਜ਼ ਇਲਾਜ ਅਧੀਨ ਹਨ ਜਦ ਕਿ 8 ਨੂੰ ਛੁੱਟੀ ਮਿਲ ਚੁੱਕੀ ਹੈ।
ਸਿਵਲ ਹਸਪਤਾਲ ਵਿੱਚੋਂ ਠੀਕ ਹੋ ਕੇ ਜਾ ਰਹੇ ਮੁਹੰਮਦ ਅਜ਼ੀਜ਼ ਨੇ ਕਿਹਾ ਕਿ ਉਹ 16, 17 ਦਿਨ ਸਿਵਲ ਹਸਪਤਾਲ ਵਿੱਚ ਰਹੇ ਜਿੱਥੇ ਉਨ੍ਹਾਂ ਦਾ ਡਾਕਟਰਾਂ ਵੱਲੋਂ ਅਤੇ ਸਟਾਫ਼ ਵੱਲੋਂ ਪੂਰਾ ਖਿਆਲ ਰੱਖਿਆ ਗਿਆ ਜਿਸ ਦੇ ਤਹਿਤ ਹੀ ਉਹ ਠੀਕ ਹੋਏ ਹਨ ਅਤੇ ਆਪਣੇ ਘਰ ਜਾ ਰਹੇ ਹਨ। ਉਨ੍ਹਾਂ ਡਾਕਟਰਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।
ਕੋਰੋਨਾ ਦੀ ਜੰਗ ਜਿੱਤਣ ਵਾਲੀ ਮਹਿਲਾ ਗੁਲਜ਼ਾਰੋ ਨੇ ਕਿਹਾ ਕਿ ਅਸੀਂ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਜਾ ਰਹੇ ਹਾਂ। ਡਾਕਟਰ ਸਾਹਿਬ ਨੇ ਸਾਡਾ ਬਹੁਤ ਖਿਆਲ ਰੱਖਿਆ ਜਿਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਪ੍ਰਮਾਤਮਾ ਡਾਕਟਰਾਂ ਨੂੰ ਹਮੇਸ਼ਾ ਤਰੱਕੀ ਬਖਸ਼ੇ।
ਸਿਵਲ ਹਸਪਤਾਲ ਮਾਨਸਾ ਦੇ ਐਸਐਮਓ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 8 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 2 ਨੂੰ ਅੱਜ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਹੈ।