ਲੁਧਿਆਣਾ: ਲੁਧਿਆਣਾ ਦੇ ਥਾਣਾ ਮੌਤੀ ਨਗਰ ਅਧੀਨ ਪੈਂਦੇ ਸ਼ੇਰਪੁਰ ਇਲਾਕੇ ਦੇ ਵਿੱਚ 22 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਪਲਾਟ ਵਿੱਚੋਂ ਲਾਸ਼ ਮਿਲਣ ਦੇ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਲਾਂਕਿ ਹਾਲੇ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਸਕਿਆ ਕੇ ਇਸ ਦਾ ਕਤਲ ਕਿਉਂ ਕੀਤਾ ਗਿਆ।
ਖਾਲੀ ਪਲਾਟ ਵਿੱਚੋਂ ਮਿਲੀ ਲਾਸ਼: ਮ੍ਰਿਤਕ ਦੀ ਪਹਿਚਾਣ ਵਿਕਾਸ ਕੁਮਾਰ ਵਜੋਂ ਹੋਈ ਹੈ। ਜੋ ਦੇਰ ਰਾਤ ਨੂੰ ਫੈਕਟਰੀ ਤੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਘਰ ਪਰਤ ਰਿਹਾ ਸੀ ਤਾਂ ਉਸ ਨੂੰ ਰਸਤੇ ਵਿਚ ਹੀ ਕੁੱਟਮਾਰ ਕਰਕੇ ਜਾਨ ਤੋਂ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਉਸ ਨੂੰ ਘਰ ਨਾ ਪਹੁੰਚਣ ਕਰਕੇ ਉਸ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਅੱਜ ਉਸ ਦੀ ਲਾਸ਼ ਨੇੜੇ ਹੀ ਇਕ ਖਾਲੀ ਪਲਾਟ ਤੋਂ ਬਰਾਮਦ ਹੋਈ। ਸਰੀਰ ਤੇ ਕੁੱਟਮਾਰ ਦੇ ਵੀ ਨਿਸ਼ਾਨ ਸਨ।
ਪੁਲਿਸ ਖਿਲਾਪ ਮ੍ਰਿਤਕ ਦੇ ਪਰਿਵਾਰ ਵੱਲੋਂ ਨਾਅਰੇਬਾਜ਼ੀ: ਪਰਿਵਾਰ ਨੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸੀਨੀਅਰ ਪੁਲਿਸ ਦੇ ਅਫ਼ਸਰਾਂ ਨੇ ਆਕੇ ਮੌਕਾ ਸੰਭਾਲਿਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ। ਪਰਿਵਾਰ ਨੇ ਨਾਰੇਬਾਜ਼ੀ ਬੰਦ ਕੀਤੀ।
ਕਤਲ ਦਾ ਮਾਮਲਾ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਡੀਸੀਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਇਹ ਮਾਮਲਾ ਕਤਲ ਦਾ ਲੱਗਦਾ ਹੈ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਇਹ ਵੀ ਕਿਹਾ ਕਿ ਇਹ ਨੌਜਵਾਨ 20 ਤੋਂ 22 ਸਾਲ ਦਾ ਹੈ। ਇਸਦੇ ਸੱਟਾਂ ਲੱਗੀਆਂ ਹੋਈਆਂ ਨੇ ਜਿਸ ਨਾਲ ਇਹ ਮਾਮਲਾ ਕਤਲ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੋਸ਼ੀਆਂ ਦੀ ਭਾਲ ਜਾਰੀ ਹੈ ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ :- ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਖਾਲੀ ਪਲਾਂਟ 'ਚੋ ਮਿਲੀ ਲਾਸ਼