ਆਦਮਪੁਰ: ਭਾਰਤ ਜੋੜੋ ਯਾਤਰਾ ਪੜਾਅ ਦਰ ਪੜਾਅ ਲਾਗਤਾਰ ਅੱਗੇ ਵਧ ਰਹੀ ਹੈ। ਅੱਜ ਭਾਰਤ ਜੋੜੋ ਯਾਤਰਾ ਆਦਮਪੁਰ ਦੇ ਪਿੰਡ ਖਰਲ ਕਲਾਂ ਤੋ ਸ਼ੁਰੂ ਹੋਈ। ਜਿਥੋਂ ਇਹ ਯਾਤਰਾ ਅੱਗੇ ਹਸ਼ਿਆਰਪੁਰ ਪੁੱਜੀ। 17 ਜਨਵਰੀ ਨੂੰ ਸਵੇਰੇ ਇਹ ਯਾਤਰਾ ਹੁਸ਼ਿਆਰਪੁਰ ਤੋਂ ਰਵਾਨਾ ਹੋਵੇਗੀ ਅਤੇ ਅਪਣੇ ਅਗਲੇ ਪੜਾਅ ਵੱਲ ਵਧੇਗੀ। 30 ਜਨਵਰੀ ਨੂੰ ਸ਼੍ਰੀਨਗਰ ਦੇ ਵਿੱਚ ਇਹ ਯਾਤਰਾ ਸੰਪਨ ਹੋਵੇਗੀ। ਜਿੱਥੇ ਰਾਹੁਲ ਗਾਂਧੀ ਤਿਰੰਗਾ ਲਹਿਰਾਉਣਗੇ। ਭਾਰਤ ਜੋੜੋ ਯਾਤਰਾ ਦੇ ਵਿੱਚ ਲਗਾਤਾਰ ਕਾਂਗਰਸੀ ਨੇਤਾ ਹਿੱਸਾ ਲੈ ਰਹੇ ਹਨ। ਜਿਹੜੇ ਵੀ ਹਲਕੇ ਵਿੱਚ ਯਾਤਰਾ ਲੰਘਦੀ ਹੈ ਉਸ ਹਲਕੇ ਦੇ ਕਾਂਗਰਸੀ ਲੀਡਰਾਂ ਦੇ ਨਾਲ ਹੁਣ ਉਨ੍ਹਾਂ ਦੀਆਂ ਪਤਨੀਆਂ ਵੀ ਇਸ ਯਾਤਰਾ ਦਾ ਹਿੱਸਾ ਬਣ ਰਹੀਆਂ ਹਨ।
ਮਹਿਲਾਵਾਂ ਦੇ ਨਾ ਰਹੀ ਯਾਤਰਾ: ਅੱਜ ਭਾਰਤ ਯਾਤਰਾ ਮਹਿਲਾਵਾਂ ਦੇ ਨਾ ਰਹੀ। ਭਾਰਤ ਜੋੜੋ ਯਾਤਰਾ ਦੇ ਪਿੱਛੇ ਰਾਹੁਲ ਗਾਂਧੀ ਦੇ ਨਾਲ ਅੱਜ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੀ ਸ਼ਾਮਲ ਹੋਏ। ਇਸ ਦੌਰਾਨ ਉਹ ਰਾਹੁਲ ਗਾਂਧੀ ਦੇ ਨਾਲ ਕਾਫੀ ਦੇਰ ਤੱਕ ਗੱਲ ਕਰਦੇ ਵੀ ਵਿਖਾਈ ਦਿੱਤੇ। ਨਵਜੋਤ ਕੌਰ ਸਿੱਧੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੀ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਚਲਦੀ ਦਿਖਾਈ ਦਿੱਤੀ। ਦੋਵੇਂ ਹੀ ਮਹਿਲਾ ਲੀਡਰ ਰਾਹੁਲ ਗਾਂਧੀ ਦੇ ਨਾਲ ਚਲਦੀਆਂ ਵਿਖਾਈ ਦਿੱਤੀਆਂ। ਕਾਬਿਲੇਗੌਰ ਹੈ ਕਿ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜੇਲ੍ਹ ਤੋਂ ਹੋਣੀ ਹੈ। ਹਾਲੇ ਤੱਕ ਨਵਜੋਤ ਕੌਰ ਸਿੱਧੂ ਖੁੱਲ ਕੇ ਕਾਂਗਰਸ ਦੇ ਨਾਲ ਵਿਖਾਈ ਨਹੀਂ ਦੇ ਰਹੀ ਸੀ ਪਰ ਅੱਜ ਉਹ ਰਾਹੁਲ ਗਾਂਧੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਲਦੇ ਵਿਖਾਈ ਦਿੱਤੇ। ਜਿਸ ਤੋਂ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਚੋਂ ਵਾਪਸੀ ਦੀਆਂ ਤਿਆਰੀਆ ਕਾਂਗਰਸ ਨੇ ਹੁਣ ਸ਼ੁਰੂ ਕਰ ਦਿੱਤੀਆਂ ਹਨ।
ਮਹਿਲਾਵਾਂ ਜੋੜਨ ਦੀ ਵਿਉਂਤਬੰਦੀ: ਪੰਜਾਬ ਦੇ ਵਿੱਚ 48 ਫ਼ੀਸਦੀ ਦੇ ਕਰੀਬ ਮਹਿਲਾ ਵੋਟਰ ਹਨ। ਭਾਰਤ ਜੋੜੋ ਯਾਤਰਾ ਦੇ ਅੰਦਰ ਮਹਿਲਾਵਾਂ ਨੂੰ ਸ਼ਾਮਿਲ ਕਰਨਾ ਕਾਂਗਰਸ ਲਈ ਇਕ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਨਵਜੋਤ ਕੌਰ ਸਿੱਧੂ ਸਿਆਸਤ ਦੇ ਵਿਚ ਕਾਫ਼ੀ ਪੁਰਾਣੇ ਹਨ। ਪੰਜਾਬ ਵਿੱਚ ਕਈ ਮਹਿਕਮਿਆਂ ਦੀ ਅਗਵਾਈ ਵੀ ਕਰ ਚੁੱਕੇ ਹਨ। ਉੱਥੇ ਹੀ ਅੰਮ੍ਰਿਤਾ ਵੜਿੰਗ ਨੇ ਵੀ ਰਾਜਨੀਤੀ ਦੇ ਵਿੱਚ ਪੈਰ ਧਰ ਲਿਆ ਹੈ। ਅੰਮ੍ਰਿਤਾ ਵੜਿੰਗ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਦੀ ਵਿਖਾਈ ਦਿੱਤੀ ਸੀ। ਮਹਿਲਾ ਆਗੂਆਂ ਦਾ ਭਾਰਤ ਜੋੜੋ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਅਤੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਯਾਤਰਾ ਦੇ ਨਾਲ ਜੋੜਨ ਦਾ ਕਾਂਗਰਸ ਦਾ ਮੰਤਵ ਵਿਖਾਈ ਦੇ ਰਿਹਾ ਹੈ।
ਪੜਾਅ-ਦਰ-ਪੜਾਅ ਵਧ ਰਹੀ ਯਾਤਰਾ : ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ ਤੋਂ ਦਾਖਲ ਹੋਈ ਸੀ ਅਤੇ ਉਸ ਤੋਂ ਬਾਅਦ 11 ਜਨਵਰੀ ਨੂੰ ਯਾਤਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਸੀ। ਖੰਨਾ ਦੇ ਨੇੜੇ ਪਹੁੰਚ ਕੇ ਹੀ ਯਾਤਰਾ ਖ਼ਤਮ ਹੋ ਗਈ ਸੀ। ਜਿਸ ਤੋਂ ਬਾਅਦ 12 ਜਨਵਰੀ ਨੂੰ ਇਹ ਯਾਤਰਾ ਮੁੜ ਤੋਂ ਸ਼ੁਰੂ ਹੋਈ ਅਤੇ ਪਾਇਲ ਤੋ ਸਾਨੇਵਾਲ ਹੁੰਦੀ ਹੋਈ ਲਾਡੋਵਾਲ ਪਹੁੰਚਣ ਦੀ ਥਾਂ 'ਤੇ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿਚ ਹੀ ਖ਼ਤਮ ਹੋ ਗਈ। ਜਿੱਥੇ ਰਾਹੁਲ ਗਾਂਧੀ ਵੱਲੋਂ ਸਟੇਜ਼ ਲਗਾ ਕੇ ਸੰਬੋਧਨ ਵੀ ਕੀਤਾ ਗਿਆ। 13 ਜਨਵਰੀ ਵਾਲੇ ਦਿਨ ਛੁੱਟੀ ਰਹੀ ਜਿਸ ਤੋਂ ਬਾਅਦ 14 ਜਨਵਰੀ ਨੂੰ ਇਹ ਯਾਤਰਾ ਮੁੜ ਤੋਂ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ ਅਤੇ ਫਗਵਾੜਾ ਹੁੰਦੀ ਹੋਈ ਜਲੰਧਰ ਪਹੁੰਚੀ। ਪਰ ਰਾਹ ਦੇ ਵਿੱਚ ਹੀ ਐਮਪੀ ਸੰਤੋਖ ਚੌਧਰੀ ਦਾ ਦਿਲ ਦਾ ਦੌਰਾ ਕਾਰਨ ਦਿਹਾਂਤ ਹੋ ਗਿਆ। ਜਿਸ ਕਾਰਨ ਯਾਤਰਾ ਨੂੰ ਰੋਕ ਦਿੱਤਾ ਗਿਆ। ਹੁਣ ਇਹ ਯਾਤਰਾ ਟਾਂਡਾ, ਦਸੂਹਾ ਅਤੇ ਮੁਕੇਰੀਆਂ ਹੁੰਦੀ ਹੋਈ ਪਠਾਨਕੋਟ ਦਾਖਲ ਹੋਵੇਗੀ। ਜਿੱਥੇ 19 ਜਨਵਰੀ ਨੂੰ ਰਾਹੁਲ ਗਾਂਧੀ ਵੱਲੋਂ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ ਜਾਵੇਗਾ। ਅਤੇ ਉਸ ਤੋਂ ਬਾਅਦ ਫੇਰ ਯਾਤਰਾ ਦਾ ਅਗਲਾ ਪੜਾਅ ਜੰਮੂ ਵਿਚ ਦਾਖਲ ਹੋਵੇਗਾ।
ਇਹ ਵੀ ਪੜ੍ਹੋ:- Bharat Jodo Yatra In Punjab : ਰਾਹੁਲ ਗਾਂਧੀ ਦੀ ਆਪ 'ਤੇ ਵਾਰ, 'ਪੰਜਾਬ ਦਿੱਲੀ ਤੋਂ ਨਹੀਂ ਚਲਾਇਆ ਜਾ ਸਕਦਾ'