ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਬੈਂਸ ਨੇ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਨਾ ਦੇਣ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਸਰਕਟ ਹਾਊਸ 'ਚ ਉਨ੍ਹਾਂ ਦੱਸਿਆ 21 ਲੱਖ ਪੰਜਾਬੀ ਲੋਕਾਂ ਤੋਂ ਇੱਕ ਪਟੀਸ਼ਨ 'ਤੇ ਦਸਤਖ਼ਤ ਕਰਵਾ ਕੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦੀ ਕਾਨੂੰਨੀ ਲੜਾਈ ਲੜੀ ਜਾਵੇਗੀ।
ਜਲੰਧਰ ਤੋਂ ਸ਼ੁਰੂਆਤ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਅਗਲੇ ਅੱਠ ਦਿਨ ਪੰਜਾਬ ਦੇ 21 ਵੱਖ-ਵੱਖ ਸ਼ਹਿਰਾਂ 'ਚ ਜਾਣਗੇ ਅਤੇ ਇਸ ਪ੍ਰਤੀ ਪੰਜਾਬ ਦੇ ਲੋਕਾਂ ਤੋਂ ਪਟੀਸ਼ਨ 'ਤੇ ਦਸਤਖ਼ਤ ਕਰਵਾਉਣਗੇ। ਉਨ੍ਹਾਂ ਦਾ ਕਹਿਣਾ ਹੈ ਜੇ ਹਰਿਆਣਾ, ਦਿੱਲੀ ਤੋਂ ਪਾਣੀ ਦੀ ਕੀਮਤ ਵਸੂਲ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ?
ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪਾਣੀ ਦੀ ਕੀਮਤ ਤਾਂ ਪਹਿਲਾਂ ਵੀ ਵਸੂਲੀ ਜਾਂਦੀ ਰਹੀ ਹੈ ਅਤੇ ਕੈਪਟਨ ਦੇ ਦਾਦਾ ਮਹਾਰਾਜਾ ਪਟਿਆਲਾ ਵੀ ਬ੍ਰਿਟਿਸ਼ ਹੁਕੂਮਤ ਤੋਂ ਅੰਬਾਲਾ ਤੱਕ ਪਾਣੀ ਦੇਣ ਦੀ ਕੀਮਤ ਵਸੂਲਦੇ ਸੀ। ਇਸੇ ਤਹਿਤ ਜਾਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲੀ ਜਾਵੇ ਜਾਂ ਪਾਣੀ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਪੰਜਾਬ ਦੇ ਕਿਸਾਨਾਂ ਨੂੰ ਇਹ ਪਾਣੀ ਦਿੱਤਾ ਜਾਵੇ ਅਤੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਿਆ ਜਾਵੇ।