ਲੁਧਿਆਣਾ: ਐਸਟੀਐਫ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਤਾਜਪੁਰ ਰੋਡ 'ਤੇ ਸਥਿਤ ਭਾਮੀਆਂ ਕਲਾਂ ਦੇ ਬੱਸ ਅੱਡੇ ਦੇ ਕੋਲ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਹੀਰੋ ਮੈਸਟਰੋ ਸਕੂਟਰੀ ਸਵਾਰ ਦੋ ਵਿਅਕਤੀਆਂ ਕੋਲੋਂ 680 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਅਰੋਪੀਆਂ ਦੀ ਪਹਿਚਾਣ ਵਿੱਕੀ ਸ਼ਰਮਾ ਅਤੇ ਰਮਿਤ ਗਰੋਵਰ ਵਾਸੀ ਨਿਊ ਸ਼ਿਵਾਜੀ ਨਗਰ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਉਹ ਹੈਰੋਇਨ ਦੀ ਖੇਪ ਦਿੱਲੀ ਤੋਂ ਕਿਸੇ ਨਾਈਜੀਰਿਅਨ ਵਿਅਕਤੀ ਪਾਸੋਂ ਸਸਤੇ ਭਾਅ 'ਤੇ ਲਿਆ ਕੇ ਲੁਧਿਆਣਾ ਦੇ ਨੇੜਲੇ ਪਿੰਡਾਂ ਵਿੱਚ ਮਹਿੰਗੇ ਭਾਅ ਵਿੱਚ ਵੇਚ ਦਿੰਦੇ ਸਨ।
ਗੁਰਚਰਨ ਸਿੰਘ ਨੇ ਕਿਹਾ ਕਿ ਅਰੋਪੀਆਂ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਅਤੇ ਰਮਿਤ ਗਰੋਵਰ ਆਪ ਵੀ ਹੈਰੋਇਨ ਦਾ ਸੇਵਨ ਕਰਨ ਦਾ ਆਦੀ ਹੈ।
ਉਨ੍ਹਾਂ ਕਿਹਾ ਅਰੋਪੀਆਂ ਦੇ ਖ਼ਿਲਾਫ਼ ਥਾਣਾ ਐਸਟੀਐਫ ਮੋਹਾਲੀ ਵਿਖੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਕੋਲੋਂ ਹੋਰ ਗੰਭੀਰਤਾ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ।
ਸੂਤਰਾਂ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਾਸ਼ਟਰੀ ਬਜ਼ਾਰ ਵਿੱਚ ਕੀਮਤ ਸਾਢੇ ਤਿੰਨ ਕਰੋੜ ਰੁਪਏ ਦੇ ਕਰੀਬ ਹੈ।