ਲੁਧਿਆਣਾ : ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਤੜਕਸਾਰ ਇਕ ਘਰ ਦੇ ਅੰਦਰ ਚੋਰੀ ਦੀ ਵਾਰਦਾਤ ਹੋਈ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਲਗਭਗ 20 ਤੋਲੇ ਦੇ ਕਰੀਬ ਸੋਨਾ ਅਤੇ 5 ਲੱਖ ਰੁਪਏ ਨਗਦੀ ਚੋਰੀ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਕਿਸੇ ਪਲਾਟ ਦਾ ਬਿਆਨਾ ਦੇਣ ਲਈ ਉਨ੍ਹਾਂ ਵੱਲੋਂ ਇਹ ਕੈਸ਼ ਕੇ ਘਰ ਵਿੱਚ ਰੱਖਿਆ ਗਿਆ ਸੀ। ਪੀੜਤ ਪਰਿਵਾਰ ਨੇ ਇਹ ਸ਼ੱਕ ਜਾਹਿਰ ਕੀਤਾ ਹੈ ਕਿ ਘਰ ਦੇ ਲਾਗੇ ਅਤੇ ਇਲਾਕੇ ਵਿੱਚ ਹਮੇਸ਼ਾ ਹੀ ਨਸ਼ੇੜੀ ਆਮ ਘੁੰਮਦੇ ਰਹਿੰਦੇ ਹਨ। ਪੀੜਤ ਮਧੂਬਾਲਾ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਸੈਰ ਕਰਨ ਗਈ ਤਾਂ ਵਾਪਸ ਆ ਕੇ ਦੇਖਿਆ ਕਿ ਘਰ ਵਿੱਚ ਰੱਖੀ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਇਸਦੇ ਅੰਦਰੋਂ ਸੋਨਾ ਅਤੇ ਨਕਦੀ ਗਾਇਬ ਸੀ। ਉੱਧਰ ਦੁੱਗਰੀ ਪੁਲਿਸ ਥਾਣੇ ਵਿੱਚ ਇਸ ਘਟਨਾ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜਲਦ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
8 ਲੱਖ ਸੀ ਕੈਸ਼ : ਪੀੜਤ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਕੋਲ ਅੱਠ ਲੱਖ ਰੁਪਏ ਨਗਦੀ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਰਿਸ਼ਤੇਦਾਰ ਕੋਲੋਂ 3 ਲੱਖ ਰੁਪਏ ਉਧਾਰ ਲਏ ਸਨ। ਇਸ ਦੇ ਬਦਲੇ ਉਨ੍ਹਾਂ ਸਿਕਿਓਰਿਟੀ ਦੇ ਰੂਪ ਵਿੱਚ ਉਨ੍ਹਾਂ ਨੂੰ ਸੋਨੇ ਦੇ 3 ਸੈਟ ਦਿੱਤੇ ਸਨ। ਉਹ ਵੀ ਅਲਮਾਰੀ ਵਿੱਚ ਹੀ ਰੱਖੇ ਹੋਏ ਸਨ ਅਤੇ ਚੋਰ ਉਨ੍ਹਾਂ ਉੱਤੇ ਵੀ ਹੱਥ ਸਾਫ ਕਰ ਗਏ। ਇਹ ਘਟਨਾ ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਸਥਿਤ ਐੱਮਆਈਜੀ ਫਲੈਟ ਦੇ ਗਰਾਊਂਡ ਫਲੋਰ ਉੱਤੇ ਹੋਈ ਹੈ। ਪੁਲਿਸ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੀ ਹੈ।
ਪੁਲਿਸ ਮੁਤਾਬਕ ਉਨ੍ਹਾਂ ਵੱਲੋਂ ਲਾਗੇ ਦੇ ਸਾਰੇ ਪਾਰਕ ਵੀ ਚੈੱਕ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀਸੀਆਰ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਬਾਰੇ ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਚਿੱਟਾ ਪੀਣ ਵਾਲੇ ਹਨ ਜਾਂ ਫਿਰ ਚਿੱਟਾ ਵਿੱਕ ਰਿਹਾ ਹੈ, ਉਨ੍ਹਾਂ ਦੇ ਸ਼ੱਕੀਆਂ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਕੋਲੋਂ ਵੀ ਇਸ ਵਾਰਦਾਤ ਨੂੰ ਲੈ ਕੇ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਹੀ ਸੂਹ ਦੇਣ ਵਾਲੇ ਨੂੰ ਵਾਜਿਬ ਇਨਾਮ ਦਿੱਤਾ ਜਾਵੇਗਾ।