ਲੁਧਿਆਣਾ : ਪੰਜਾਬ ਵਿੱਚ ਅੱਤ ਦੀ ਗਰਮੀ ਬਿਜਲੀ ਦੇ ਕੱਟ ਅਤੇ ਮੌਸਮ ਦੀ ਬੇਰੁਖੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ, ਪੰਜਾਬ ਦੇ ਵਿੱਚ ਬਿਜਲੀ ਸੰਕਟ ਚੱਲ ਰਿਹਾ ਹੈ ਅਤੇ ਡਿਮਾਂਡ ਨਾਲੋਂ ਸਪਲਾਈ ਕਿਤੇ ਘੱਟ ਹੈ, ਜਿਸ ਕਰਕੇ ਕਈ ਇਲਾਕਿਆਂ ਵਿੱਚ 8 ਤੋਂ ਲੈ ਕੇ 10 ਘੰਟੇ ਤੱਕ ਦੇ ਕੱਟ ਲੱਗ ਰਹੇ ਹਨ।
ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਨੂੰ ਸਵੇਰੇ ਅੱਠ ਵਜੇ ਤੋਂ ਲੈ ਕੇ ਦੋ ਵਜੇ ਤੱਕ ਹੀ ਖੋਲ੍ਹਣ ਦੇ ਹੁਣ ਨਿਰਦੇਸ਼ ਦਿੱਤੇ ਨੇ ਉੱਥੇ ਹੀ ਆਮ ਲੋਕਾਂ ਨੂੰ ਘੱਟ ਤੋਂ ਘੱਟ ਏ.ਸੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਅਤੇ ਜੋ ਇੰਡਸਟਰੀ ਬਿਜਲੀ ਦੀ ਵੱਧ ਖਪਤ ਕਰਦੀ ਹੈ। ਉਸ ਨੂੰ ਤਿੰਨ ਦਿਨ ਤੱਕ ਬੰਦ ਕਰਨ ਦੇ ਹੁਕਮ ਦੇ ਦਿੱਤੇ ਨੇ। ਉੱਧਰ ਪੰਜਾਬ 'ਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਮੋਟਰਾਂ ਦੇ ਬਿਜਲੀ ਦੀ ਲੋੜ ਹੈ ਪਰ 8 ਘੰਟੇ ਦੀ ਥਾਂ ਦੋ ਤੋਂ ਤਿੰਨ ਘੰਟੇ ਹੀ ਬਿਜਲੀ ਦੀ ਸਪਲਾਈ ਆ ਰਹੀ ਹੈ ਜਿਸ ਕਰਕੇ ਕਿਸਾਨ ਵੀ ਪ੍ਰੇਸ਼ਾਨ ਨੇ।
ਉਧਰ ਬਿਜਲੀ ਦੇ ਕੱਟਾਂ ਅਤੇ ਗਰਮੀ ਤੋਂ ਸਤਾਏ ਲੋਕਾਂ ਤੇ ਮੌਸਮ ਦੀ ਵੀ ਮਾਰ ਪਈ ਹੈ। ਬੀਤੇ ਇਕ ਹਫਤੇ ਤੋਂ ਬਾਰਿਸ਼ਾਂ ਨਾ ਹੋਣ ਕਰਕੇ ਚਿਪਚਿਪੀ ਗਰਮੀ ਨਾਲ ਲੋਕ ਜੂਝ ਰਹੇ ਨੇ। ਮੌਸਮ ਵਿਭਾਗ ਨੇ ਸਾਫ ਕਿਹਾ ਕਿ ਪੰਜ ਜੁਲਾਈ ਤੋਂ ਪਹਿਲਾਂ ਸੂਬੇ ਦੇ ਵਿਚ ਬਾਰਿਸ਼ ਦੇ ਕੋਈ ਬਹੁਤੇ ਆਸਾਰ ਨਹੀਂ ਹਨ। ਲੋਕਾਂ ਨੂੰ ਗਰਮੀ ਦਾ ਸਾਹਮਣਾ ਫਿਲਹਾਲ ਦੋ ਤਿੰਨ ਦਿਨ ਹੋਰ ਕਰਨਾ ਪਵੇਗਾ। ਦਿਨ ਦਾ ਤਾਪਮਾਨ 41 ਤੂੰ ਲੈ ਕੇ 42 ਡਿਗਰੀ ਤੱਕ ਪਹੁੰਚ ਜਾਂਦਾ ਹੈ, ਕੜੀ ਧੁੱਪ ਅਤੇ ਲੁ ਦੇ ਥਪੇੜਿਆਂ ਨੇ ਲੋਕਾਂ ਨੂੰ ਘਰਾਂ ਵਿੱਚ ਡੱਕ ਦਿੱਤਾ। ਮੌਸਮ ਵਿਭਾਗ ਨੇ ਕਿਹਾ ਕਿ 5 ਜੁਲਾਈ ਤੋਂ ਬਾਅਦ ਹੀ ਕੁਝ ਰਾਹਤ ਦੀ ਉਮੀਦ ਹੈ।
ਇਹ ਵੀ ਪੜ੍ਹੋ:5-6 ਦਿਨਾਂ ਤਕ ਮੌਨਸੂਨ ਆਉਣ ਦੀ ਕੋਈ ਸੰਭਾਵਨਾ ਨਹੀਂ :ਮੌਸਮ ਵਿਭਾਗ
ਸੋ ਇਕ ਪਾਸੇ ਜਿਥੇ ਗਰਮੀ ਅਤੇ ਬਿਜਲੀ ਦੇ ਕੱਟਾਂ ਤੋਂ ਬੇਹਾਲ ਲੋਕ ਸੜਕਾਂ 'ਤੇ ਉਤਰਨ ਨੂੰ ਮਜਬੂਰ ਹੋ ਗਏ ਨੇ ਓਥੇ ਹੀ ਸੂਬਾ ਸਰਕਾਰ ਹੁਣ ਘਟਦੀ ਬਿਜਲੀ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਸਮਾਂ ਰਹਿੰਦਿਆਂ ਪਹਿਲਾਂ ਹੀ ਇਹ ਕਦਮ ਚੁੱਕ ਲਿਆ ਹੁੰਦਾ ਤਾਂ ਸ਼ਾਇਦ ਸੂਬਾ ਵਾਸੀਆਂ ਨੂੰ ਅਜਿਹੇ ਹਾਲਾਤਾਂ ਨਾਲ ਨਾ ਨਿਪਟਣਾ ਪੈਂਦਾ।