ਲੁਧਿਆਣਾ: 80 ਸਾਲ ਦੀ ਗੁਰਸਿੱਖ ਬਜ਼ੁਰਗ ਮਹਿਲਾ ਵਰਿੰਦਰ ਕੌਰ ਨੇ ਆਪਣੀ ਡੇਢ ਕਰੋੜ ਦੀ ਕੋਠੀ ਗੁਰਦੁਆਰਾ ਸਿੰਘ ਸਭਾ ਈ ਬਲਾਕ ਬੀਆਰਐਸ ਨਗਰ ਨੂੰ ਭੇਂਟ ਕਰ ਦਿਤੀ ਹੈ। ਵਰਿੰਦਰ ਕੌਰ ਦੀ ਉਮਰ 80 ਸਾਲ ਦੀ ਹੈ। ਉਹ ਆਪਣੇ ਪਰਿਵਾਰ ਚ ਇਕੱਲੀ ਰਹਿੰਦੀ ਹੈ।
ਪੇਸ਼ੇ ਵਜੋਂ ਅਧਿਆਪਕ: ਪੇਸ਼ੇ ਵਜੋਂ ਅਧਿਆਪਕ ਵਰਿੰਦਰ ਕੌਰ ਪਠਾਨਕੋਟ ਦੇ ਨਾਲ ਹੋਰ ਥਾਵਾਂ ਉੱਤੇ ਪੜਾਉਂਦੀ ਰਹੀ ਹੈ। ਉਸ ਦੇ ਰਿਸ਼ਤੇਦਾਰਾਂ ਦੀ ਕਾਫੀ ਸਮੇਂ ਤੋਂ ਕੋਠੀ ਤੇ ਨਜ਼ਰ ਸੀ। 200 ਗਜ ਦੀ ਇਹ ਕੋਠੀ ਲੁਧਿਆਣਾ ਦੇ ਪੋਸ਼ ਇਲਾਕੇ ਵਿੱਚ ਹੈ ਜਿਸ ਦੀ ਮਾਰਕਿਟ ਵੇਲਊ ਡੇਢ ਕਰੋੜ ਦੇ ਕਰੀਬ ਹੈ। ਉਸ ਨੂੰ ਇਹ ਸੇਵਾ ਕਰਕੇ ਸਕੂਨ ਮਿਲਿਆ ਹੈ। ਹੁਣ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਉਸ ਥਾਂ ਉੱਤੇ ਡਿਸਪੈਂਸਰੀ ਜਾਂ ਹਸਪਤਾਲ ਖੋਲ੍ਹਣ ਦਾ ਫੈਸਲਾ ਲਿਆ ਹੈ।

ਨਹੀਂ ਕੋਈ ਔਲਾਦ: ਵਰਿੰਦਰ ਕੌਰ ਪਰਿਵਾਰ ਦੇ ਵਿੱਚ ਇਕੱਲੀ ਰਹਿੰਦੀ ਹੈ। ਉਸ ਦੀ ਕੋਈ ਔਲਾਦ ਨਹੀਂ, ਉਸ ਦੇ ਪਤੀ ਦੀ ਵੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਪਰ ਉਸ ਦੇ ਰਿਸ਼ਤੇਦਾਰ ਕਾਫੀ ਲੰਮੇ ਸਮੇਂ ਤੋਂ ਉਸ ਦੀ ਜਾਇਦਾਦ ਤੇ ਅੱਖ ਰੱਖੀ ਬੈਠੇ ਸਨ। ਉਸ ਦਾ ਲੁਧਿਆਣੇ ਵਿੱਚ ਵੀ ਇਕ ਹੋਰ ਘਰ ਹੈ, ਜਿੱਥੇ ਹੁਣ ਰਹਿੰਦੀ ਹੈ। ਵਰਿੰਦਰ ਕੌਰ ਨੇ ਅੰਮ੍ਰਿਤ ਛਕਿਆ ਹੋਇਆ ਹੈ ਅਤੇ ਉਹ ਮਿਸ ਜੰਮੂ ਵੀ ਰਹਿ ਚੁੱਕੀ ਹੈ, ਉਸ ਨੇ ਪਠਾਨਕੋਟ ਚ ਕਾਫੀ ਸਮਾਂ ਪੜਾਇਆ ਹੈ।

30 ਸਾਲ ਤੋਂ ਗੁਰੂਘਰ ਨਾਲ ਜੁੜੀ: ਵਰਿੰਦਰ ਕੌਰ ਬੀਤੇ 30 ਸਾਲ ਤੋਂ ਗੁਰੂਘਰ ਨਾਲ ਜੁੜੀ ਹੋਈ ਹੈ, ਉਹ ਜਦੋਂ ਵੀ ਸਮਾਂ ਲਗਦਾ ਹੈ ਗੁਰੂਘਰ ਆਉਂਦੀ ਹੈ। ਉਹ ਪਹਿਲਾਂ ਵੀ ਗੁਰੂਘਰ ਦੀ ਸੇਵਾ ਕਰਦੀ ਰਹੀ ਹੈ। ਸਿੱਖ ਕੌਮ ਨਾਲ ਉਸ ਦਾ ਸ਼ੁਰੂ ਤੋਂ ਹੀ ਮੋਹ ਰਿਹਾ ਹੈ ਅਤੇ ਸ਼ੁਰੂ ਤੋਂ ਉਹ ਗੁਰੂ ਘਰ ਨਾਲ ਜੁੜੀ ਰਹੀ ਹੈ। ਉਨ੍ਹਾਂ ਬਾਕੀਆਂ ਨੂੰ ਵੀ ਸੇਧ ਦਿੱਤੀ ਹੈ ਕਿ ਨੌਜਵਾਨ ਗੁਰੂ ਘਰ ਨਾਲ ਜਰੁਰੁ ਜੁੜਨ, ਤਾਂ ਜੋ ਉਨ੍ਹਾਂ ਨੂੰ ਵੀ ਇਸ ਸੰਬੰਧੀ ਸੇਧ ਮਿਲ ਸਕੇ। ਉਨ੍ਹਾਂ ਦੱਸਿਆ ਕਿ ਗੁਰੂ ਘਰ ਆ ਕੇ ਉਸ ਨੂੰ ਕਾਫੀ ਸਕੂਨ ਮਿਲਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਕਰਕੇ ਹੀ 80 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਕਾਇਮ ਹੈ। ਉਸ ਨੂੰ ਕੋਈ ਬਿਮਾਰੀ ਨਹੀਂ ਅਤੇ ਹੁਣ ਕੋਠੀ ਭੇਂਟ ਕਰਨ ਤੋਂ ਬਾਅਦ ਉਸ ਨੂੰ ਹੋਰ ਖੁਸ਼ੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਕਰਨ ਤੋਂ ਬਾਅਦ ਉਸ ਦੇ ਕਿਸੇ ਰਿਸ਼ਤੇਦਾਰ ਦਾ ਕੋਈ ਫੋਨ ਨਹੀਂ ਆਇਆ।

ਕੋਠੀ 'ਚ ਬਣੇਗਾ ਹਸਪਤਾਲ: ਬੀਬੀ ਵਰਿੰਦਰ ਕੌਰ ਨੇ ਕਿਹਾ ਕਿ ਹੁਣ ਉਸ ਥਾਂ ਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਹਸਪਤਾਲ ਜਾਂ ਡਿਸਪੈਂਸਰੀ ਬਣਾਉਣ ਦਾ ਫੈਸਲਾ ਲਿਆ ਗਿਆ। ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਓਥੇ ਹਸਪਤਾਲ ਜਾਂ ਡਿਸਪੈਂਸਰੀ ਬਣਾਵਾਂਗੇ। ਉਨ੍ਹਾਂ ਕਿਹਾ ਕੇ ਅਸੀਂ ਇਸ ਸਬੰਧੀ ਕੁਟੇਸ਼ਨਾਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉੱਥੇ ਸੰਗਤ ਲਈ ਇਕ ਵੱਡੀ ਲੇਬ ਖੋਲ੍ਹੀ ਜਾਵੇਗੀ, ਜਿੱਥੇ ਟੈਸਟ ਹੋਇਆ ਕਰਨਗੇ। ਕਮੇਟੀ ਲਗਾਤਾਰ ਉਸ 'ਤੇ ਕੰਮ ਕਰ ਰਹੀ ਹੈ ਉਨਾਂ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਕਿਸੇ ਨੇ ਅਜਿਹਾ ਕੋਈ ਸੇਵਾ ਨਹੀਂ ਕੀਤੀ।
ਇਹ ਵੀ ਪੜ੍ਹੋ: ਭਾਜਪਾ ਵਲੋਂ ਆਬਕਾਰੀ ਘੁਟਾਲੇ ਉੱਤੇ ਸਟਿੰਗ ਜਾਰੀ, ਸਿਸੋਦੀਆ ਦਾ ਜਵਾਬ