ਲੁਧਿਆਣਾ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਹਜ਼ਾਰਾਂ ਦੀ ਤਦਾਦ 'ਚ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਹਾਲੇ ਵੀ ਫਸੇ ਹੋਏ ਹਨ। ਜੋ ਵਿਦਿਆਰਥੀ ਆਪਣੇ ਯਤਨਾਂ ਦੇ ਨਾਲ ਪੋਲੈਂਡ, ਰੋਮਾਨੀਆ ਆਦਿ ਬਾਰਡਰਾਂ 'ਤੇ ਪਹੁੰਚ ਰਹੇ ਹਨ, ਉਨ੍ਹਾਂ ਨੂੰ ਸਰਕਾਰ ਉੱਥੋਂ ਰੈਸਕਿਊ ਕਰ ਰਹੀ ਹੈ।
ਲੁਧਿਆਣਾ ਦੇ ਪਿੰਡ ਬੱਲੋਵਾਲ ਦੀ ਰਹਿਣ ਵਾਲੀ ਤਨੂ ਸ਼੍ਰੀ 3 ਸਾਲ ਪਹਿਲਾਂ ਯੂਕਰੇਨ ਐੱਮ.ਬੀ.ਬੀ.ਐੱਸ ਦੀ ਪੜ੍ਹਾਈ ਕਰਨ ਲਈ ਗਈ ਸੀ। ਬੀਤੇ ਦਿਨੀਂ ਉਹ ਯੂਕਰੇਨ ਤੋਂ ਪਰਤੀ ਹੈ ਜਿਸ ਨੇ ਦੱਸਿਆ ਕਿ ਉਹ ਕਿਹੜੇ ਹਾਲਾਤਾਂ ਚ ਉਥੇ ਰਹਿ ਰਹੀ ਸੀ।
50 ਕਿਲੋਮੀਟਰ ਪੈਦਲ ਤੈਅ ਕੀਤਾ ਸਫ਼ਰ
ਤਨੂਸ਼੍ਰੀ ਨੇ ਦੱਸਿਆ ਕਿ ਉਸ ਨੇ ਬਾਰਡਰ 'ਤੇ ਪਹੁੰਚਣ ਲਈ ਪਹਿਲਾਂ ਬੱਸ ਦਾ ਸਹਾਰਾ ਲਿਆ, ਉਹ ਚਾਰ ਕੁੜੀਆਂ ਇਕੱਠੀਆਂ ਸਨ। ਜਿਸ ਤੋਂ ਬਾਅਦ ਬੱਸ ਡਰਾਈਵਰ ਨੇ ਉਨ੍ਹਾਂ ਨੂੰ 40 ਕਿਲੋਮੀਟਰ ਦੂਰ ਹੀ ਉਤਾਰ ਦਿੱਤਾ। ਇਸ ਤੋਂ ਬਾਅਦ ਉਹ ਪੈਦਲ ਬਾਰਡਰ ਤੱਕ ਪਹੁੰਚੇ। ਇੱਥੋਂ ਤੱਕ ਕਿ ਉਨ੍ਹਾਂ ਕੋਲ ਨਾ ਤਾਂ ਖਾਣ ਲਈ ਖਾਣਾ ਸੀ ਅਤੇ ਨਾ ਹੀ ਕੋਈ ਗਰਮ ਕੱਪੜੇ। ਜਿਸ ਕਾਰਨ ਠੰਢ ਵਿੱਚ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ, ਉਨ੍ਹਾਂ ਨੇ ਰਾਤ ਵੀ ਖੁੱਲ੍ਹੇ ਅਸਮਾਨ ਹੇਠਾਂ ਗੁਜ਼ਾਰੀ। ਉਨ੍ਹਾਂ ਨੇ ਦੱਸਿਆ ਕਿ ਹਾਲਾਤ ਇੰਨੇ ਖ਼ਰਾਬ ਹੋ ਗਏ ਸਨ ਕਿ ਚੱਲ ਚੱਲ ਕੇ ਉਨ੍ਹਾਂ ਦੇ ਪੈਰ ਸੁੱਜ ਗਏ। ਤਨੂਸ਼੍ਰੀ ਨੇ ਦੱਸਿਆ ਕਿ ਹੁਣ ਵੀ ਉਸ ਤੋਂ ਖੜ੍ਹਾ ਨਹੀਂ ਹੋਇਆ ਜਾ ਰਿਹਾ।
ਯੂਕਰੇਨੀ ਫੌਜ ਦਾ ਰਵੱਈਆ
ਤਨੂਸ਼੍ਰੀ ਨੇ ਵੀ ਦੱਸਿਆ ਕਿ ਯੂਕਰੇਨੀ ਫੌਜ ਵੱਲੋਂ ਬੜਾ ਹੀ ਗਲਤ ਵਤੀਰਾ ਉਨ੍ਹਾਂ ਨਾਲ ਵਰਤਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਦੀ ਉਥੋਂ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਉਹ ਆਪਣੇ ਹੀ ਪੱਧਰ 'ਤੇ ਬਾਰਡਰਾਂ 'ਤੇ ਪਹੁੰਚ ਰਹੇ ਨੇ, ਜੋ ਕਿ ਇਕ ਬੇਹੱਦ ਜੋਖਮ ਭਰਿਆ ਅਤੇ ਖ਼ਤਰਨਾਕ ਕੰਮ ਹੈ।
ਉਨ੍ਹਾਂ ਦੱਸਿਆ ਕਿ ਯੂਕਰੇਨੀ ਫੌਜ ਸਰਹੱਦਾਂ 'ਤੇ ਤੈਨਾਤ ਹੈ ਅਤੇ ਜਦੋਂ ਉਹ ਬਾਰਡਰ 'ਤੇ ਪਹੁੰਚੇ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਧੱਕੇ ਮਾਰੇ ਗਏ। ਇੱਥੋਂ ਤੱਕ ਕਿ ਹਵਾਈ ਫਾਇਰ ਵੀ ਕੀਤੇ ਗਏ ਤਾਂ ਜੋ ਵਿਦਿਆਰਥੀ ਸਹਿਮੇ ਹੀ ਰਹਿਣ।
ਹਜ਼ਾਰਾਂ ਵਿਦਿਆਰਥੀ ਹਾਲੇ ਵੀ ਫਸੇ
ਤਨੂਸ਼੍ਰੀ ਨੇ ਦੱਸਿਆ ਕਿ ਹਾਲੇ ਵੀ ਉਥੇ ਹਜ਼ਾਰਾਂ ਵਿਦਿਆਰਥੀ ਫਸੇ ਹੋਏ ਨੇ ਜੋ ਉਥੋਂ ਨਿਕਲਣ ਲਈ ਜੱਦੋਂ ਜਹਿਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਤਾਂ ਅੱਗੇ ਆਉਣ ਦਿੱਤਾ ਜਾ ਰਿਹਾ ਹੈ ਅਤੇ ਬਾਰਡਰ ਵੀ ਪਾਰ ਕਰਵਾਇਆ ਜਾ ਰਿਹਾ ਹੈ ਪਰ ਉੱਥੇ ਵੱਡੀ ਤਦਾਦ ਵਿੱਚ ਲੜਕੇ ਹਾਲੇ ਵੀ ਬਾਰਡਰ 'ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।
ਉਕਤ ਵਿਦਿਆਰਥਣ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਦੇ ਕਈ ਵਿਦਿਆਰਥੀ ਹਾਲੇ ਵੀ ਉਥੇ ਫਸੇ ਹੋਏ ਨੇ ਜੋ ਆਪਣੇ ਆਪ ਬਾਰਡਰਾਂ 'ਤੇ ਨਹੀਂ ਪਹੁੰਚ ਸਕਦੇ। ਉਨ੍ਹਾਂ ਤੋਂ ਸਰਹੱਦ ਕਾਫੀ ਦੂਰ ਹੈ, ਇਸ ਕਰਕੇ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਲੜਕੀਆਂ ਨਾਲ ਗਲਤ ਵਤੀਰਾ
ਤਨੂਸ਼੍ਰੀ ਨੇ ਆਪਣੀ ਹੱਡਬੀਤੀ ਦੱਸਦਿਆਂ ਇਹ ਵੀ ਕਿਹਾ ਕਿ ਉਥੇ ਲੜਕੀਆਂ ਦੇ ਨਾਲ ਗਲਤ ਵਤੀਰਾ ਕੀਤਾ ਜਾ ਰਿਹਾ ਹੈ। ਜਦੋਂ ਉਹ ਬਾਰਡਰ 'ਤੇ ਵੀਜ਼ਾ ਲੈਣ ਪਹੁੰਚੇ ਤਾਂ ਉਥੇ ਕਈ ਅਜਿਹੇ ਫੌਜ਼ੀ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜੋ ਲੜਕੀਆਂ ਦੇ ਨਾਲ ਗਲਤ ਵਤੀਰਾ ਵਰਤ ਰਹੇ ਸਨ।
ਇਸ ਦੌਰਾਨ ਉਨ੍ਹਾਂ ਨੂੰ ਤਾਂ ਇਹ ਲੱਗਿਆ ਕਿ ਉਹ ਅੱਗੇ ਜਾ ਹੀ ਨਹੀਂ ਪਾਉਣਗੇ। ਉਹ ਪੂਰੀ ਤਰ੍ਹਾਂ ਹਿੰਮਤ ਹਾਰ ਚੁੱਕੇ ਸੀ। ਉਨ੍ਹਾਂ ਨੇ ਜਦੋਂ ਅੰਬੈਸੀ ਫੋਨ ਕੀਤਾ ਤਾਂ ਉਨ੍ਹਾਂ ਨੂੰ ਉਥੋਂ ਹਿੰਮਤ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਨ੍ਹਾਂ ਨੂੰ ਖੁਦ ਹੀ ਬਾਰਡਰ ਤੱਕ ਪਹੁੰਚਣਾ ਹੋਵੇਗਾ। ਜਿਸ ਤੋਂ ਬਾਅਦ ਬੜੀ ਮੁਸ਼ੱਕਤ ਤੋਂ ਬਾਅਦ ਉਹ ਬਾਰਡਰ ਤੋਂ ਵੀਜ਼ਾ ਲੈ ਕੇ ਅੱਗੇ ਗਏ।
ਪੰਜਾਬ ਸਰਕਾਰ ਤੋਂ ਮਲਾਲ
ਤਨੂਸ਼੍ਰੀ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਬਾਰਡਰ 'ਤੇ ਪਹੁੰਚੇ ਅਤੇ ਭਾਰਤ ਸਰਕਾਰ ਵੱਲੋਂ ਭੇਜੀ ਗਈ ਫਲਾਈਟ ਦੇ ਰਾਹੀਂ ਦਿੱਲੀ ਪਹੁੰਚੇ ਤਾਂ ਉੱਥੇ ਪੰਜਾਬ ਸਰਕਾਰ ਦੇ ਨੁਮਾਇੰਦੇ ਫੋਟੋਆਂ ਖਿਚਵਾਉਣ ਲਈ ਉੱਥੇ ਖੜ੍ਹੇ ਸਨ।
ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਟੈਕਸੀ ਬੁੱਕ ਕਰਵਾ ਕੇ ਦੇਣਗੇ ਪਰ ਪੈਸੇ ਉਨ੍ਹਾਂ ਨੂੰ ਆਪਣੇ ਕੋਲੋਂ ਹੀ ਦੇਣੇ ਪੈਣਗੇ। ਜਿਸ ਕਰਕੇ ਉਨ੍ਹਾਂ ਨੇ ਖੁਦ ਹੀ ਕਿਹਾ ਕਿ ਉਹ ਆਪਣੇ ਆਪ ਟੈਕਸੀ ਬੁੱਕ ਕਰ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ ਗਈ। ਜਿਸ ਕਾਰਨ ਦਿੱਲੀ ਤੋਂ ਆਪਣੇ ਹੀ ਖਰਚੇ 'ਤੇ ਉਹ ਇੱਥੇ ਤੱਕ ਪਹੁੰਚੇ ਹਨ।
ਸਰਕਾਰ ਨੂੰ ਅਪੀਲ
ਤਨੂਸ਼੍ਰੀ ਨੇ ਕਿਹਾ ਕਿ ਉਥੇ ਹਜ਼ਾਰਾਂ ਦੀ ਤਦਾਦ ਵਿੱਚ ਹਾਲੇ ਵੀ ਵਿਦਿਆਰਥੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ, ਉਥੇ ਫਸੇ ਹੋਏ ਹਨ। ਉਕਤ ਵਿਦਿਆਰਥਣ ਨੇ ਕਿਹਾ ਕਿ ਉਨ੍ਹਾਂ ਦਾ ਭਵਿੱਖ ਹੁਣ ਪੂਰੀ ਤਰ੍ਹਾਂ ਦਾਅ 'ਤੇ ਲੱਗ ਚੁੱਕਾ ਹੈ। ਭਾਰਤ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਜਾਂ ਤਾਂ ਉਹ ਸਾਡੇ ਸਰਕਾਰੀ ਕਾਲਜਾਂ 'ਚ ਦਾਖ਼ਲੇ ਕਰਾਵੇ ਜਾਂ ਫਿਰ ਕੋਈ ਨਾ ਕੋਈ ਉਨ੍ਹਾਂ ਦੀ ਬਾਂਹ ਜ਼ਰੂਰ ਫੜੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਬੱਚੇ ਹਾਲੇ ਵੀ ਉੱਥੇ ਫਸੇ ਹੋਏ ਹਨ, ਉਨ੍ਹਾਂ ਨੂੰ ਸਰਕਾਰ ਯਤਨ ਕਰ ਕੇ ਭਾਰਤ ਵਾਪਿਸ ਲੈ ਕੇ ਆਵੇ।
ਇਹ ਵੀ ਪੜ੍ਹੋ: ਸੀਐੱਮ ਚੰਨੀ ਦੇ ਭਾਣਜੇ ਹਨੀ ਦੀ ਵਿਗੜੀ ਸਿਹਤ, ਹਸਪਤਾਲ ’ਚ ਕਰਵਾਇਆ ਭਰਤੀ