ਲੁਧਿਆਣਾ: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਇਲੈਕਟਰੋਨਿਕ ਇੰਜੀਨੀਅਰਿੰਗ ਵਿਭਾਗ ਦੇ ਫਾਈਨਲ ਈਅਰ ਦੇ ਵਿਦਿਆਰਥੀਆਂ ਵੱਲੋਂ ਸੋਲਰ ਰਿਕਸ਼ਾ ਤਿਆਰ ਕੀਤਾ ਗਿਆ ਹੈ, ਜਿਸ ਉੱਤੇ 1000 ਯੂਐਸ ਡਾਲਰ ਦਾ ਖ਼ਰਚਾ ਆਇਆ ਹੈ। ਅਮਰੀਕਾ ਮੂਲ ਦੀ ਕੰਪਨੀ ਐਵੇਂਜਨ ਵਲੋਂ ਯੂਥ ਫਾਰ ਪਲੈਨੇਟ ਜਰਮਨੀ ਦੇ ਨਾਲ ਕੋਲੈਬਰੇਸ਼ਨ ਕਰਕੇ ਦੁਨੀਆਂ ਭਰ ਦੇ ਕਾਲਜ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਹ ਟਾਸਕ ਦਿੱਤਾ ਗਿਆ ਸੀ।
ਸਭ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਆਪੋ ਆਪਣੇ ਪ੍ਰੋਜੈਕਟ ਤਿਆਰ ਕਰਕੇ ਕੰਪਨੀ ਨੂੰ ਭੇਜੇ ਗਏ ਸਨ ਜਿਸ ਤੋਂ ਬਾਅਦ ਭਾਰਤ ਦੇ ਕਈ ਹੋਰ ਕਾਲਜਾਂ ਨੂੰ ਵੀ ਸ਼ੋਰਟਲਿਸਟ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਲੁਧਿਆਣਾ ਦਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਸੀ। ਇਸ ਤੋਂ ਬਾਅਦ ਕੰਪਨੀ ਵੱਲੋਂ ਬੱਚਿਆਂ ਨੂੰ ਇਹ ਟਾਸਕ ਪੂਰਾ ਕਰਨ ਲਈ 1000 ਡਾਲਰ ਦੀ ਫੰਡਿੰਗ ਕੀਤੀ ਗਈ ਅਤੇ ਇਨ੍ਹਾਂ ਬੱਚਿਆਂ ਨੇ ਇਹ ਸੋਲਰ ਵਾਹਨ ਲਗਭਗ ਦੋ ਮਹੀਨੇ ਦੇ ਵਿੱਚ ਤਿਆਰ ਕੀਤੀ ਅਤੇ ਹੁਣ ਇਹ ਸੋਲਰ ਵਾਹਨ ਦੁਬਈ ਦੇ ਵਿੱਚ ਹੋਣ ਵਾਲੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ।
ਵੇਸਟ ਮੈਟੀਰੀਅਲ ਦੀ ਵਰਤੋਂ: ਸੋਲਰ ਨਾਲ ਚੱਲਣ ਵਾਲੇ ਇਸ ਵਾਹਨ ਵਿੱਚ ਸੋਲਰ ਪੈਨਲ ਬੈਟਰੀਆਂ ਮੋਟਰ ਅਤੇ ਵਾਹਨ ਦੇ ਟਾਇਰਾਂ ਤੋਂ ਇਲਾਵਾ ਬਾਕੀ ਸਾਰਾ ਸਮਾਨ ਵੈਸਟ ਮਟੀਰੀਅਲ ਤੋਂ ਤਿਆਰ ਕੀਤਾ ਗਿਆ ਹੈ। ਕਾਲਜ ਦੇ ਇਲੈਕਟਰੋਨਿਕ ਅਤੇ ਮਕੈਨੀਕਲ ਇੰਜੀਨੀਅਰਿੰਗ ਫਾਈਨਲ ਈਅਰ ਦੇ ਪੰਜ ਵਿਦਿਆਰਥੀਆਂ ਵੱਲੋਂ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਗਿਆ ਹੈ।
ਵਾਹਨ ਦੀ ਤਕਨੀਕੀ ਸਪੈਸੀਫਿਕੇਸ਼ਨ: ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਇਸ ਸੋਲਰ ਵਾਹਨ ਦੇ ਵਿੱਚ 165 ਵਾਟ ਦਾ ਸੋਲਰ ਪੈਨਲ ਲੱਗਿਆ ਹੈ, ਜੋ ਕਿ ਧੁੱਪ ਦੇ ਨਾਲ ਪਾਵਰ ਜਨਰੇਟ ਕਰਦਾ ਹੈ। ਵਾਹਨ ਵਿੱਚ ਤਿੰਨ 12 ਵੋਲਟ ਦੀਆਂ ਬੈਟਰੀਆਂ ਲੱਗੀਆਂ ਹਨ, ਜੋ ਚਾਰਜ ਹੋਣ ਤੋਂ ਬਾਅਦ 36 ਵਾਟ ਬਿਜਲੀ ਪੈਦਾ ਕਰਕੇ ਅੱਗੇ ਵਾਹਨ ਦੇ ਵਿੱਚ ਲੱਗੀ ਮੋਟਰ ਨੂੰ ਚਲਾਉਂਦੀਆਂ ਹਨ। ਅਗਲੇ ਟਾਇਰ ਉੱਤੇ ਮੋਟਰ ਲਗਾਈ ਗਈ ਹੈ, ਜੋ ਨਾ ਸਿਰਫ ਸੋਲਰ ਪਾਵਰ ਦੇ ਨਾਲ ਚਾਰਜ ਹੋ ਕੇ ਚਲਦੀ ਹੈ, ਸਗੋਂ ਇਸ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਪੈਡਲ ਵੀ ਲਗਾਏ ਗਏ ਹਨ।
ਇਸ ਨੂੰ ਬੈਟਰੀ ਖ਼ਤਮ ਹੋਣ ਉੱਤੇ ਪੈਡਲ ਨਾਲ ਵੀ ਚਲਾਇਆ ਜਾ ਸਕਦਾ ਹੈ। ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਧੁੱਪ ਸੱਤ ਤੋਂ ਅੱਠ ਘੰਟੇ ਰਹਿੰਦੀ ਹੈ, ਉੱਥੇ ਆਸਾਨੀ ਨਾਲ ਇਹ ਬੈਟਰੀਆਂ ਚਾਰਜ ਹੋ ਕੇ ਵਾਹਨ ਦੀ 50 ਤੋਂ 60 ਕਿਲੋਮੀਟਰ ਤੱਕ ਦੀ ਰੇਂਜ ਪੈਦਾ ਕਰਦੀਆਂ ਹਨ। ਇਸ ਨੂੰ ਸਿਰਫ ਇੱਕ ਵਾਰੀ ਤਿਆਰ ਕਰਨ 'ਤੇ ਹੀ ਖਰਚਾ ਆਉਂਦਾ ਹੈ ਉਸ ਤੋਂ ਬਾਅਦ ਇਸ ਦਾ ਕੋਈ ਖਰਚਾ ਨਹੀਂ, ਕਿਉਂਕਿ ਇਹ ਧੁੱਪ ਦੇ ਨਾਲ ਚੱਲਦਾ ਹੈ ਜੋ ਕਿ ਨਵਿਆਣਯੋਗ ਊਰਜਾ ਹੈ।
ਇਕੋ ਫਰੈਂਡਲੀ: ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਇਹ ਸੋਲਰ ਵਾਹਨ ਪੂਰੀ ਤਰ੍ਹਾਂ ਇਕੋ ਫਰੈਂਡਲੀ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਦੀ ਜਾਂ ਫਿਰ ਹਵਾ ਪ੍ਰਦੂਸ਼ਣ ਦੀ ਗੁੰਜਾਇਸ਼ ਨਹੀਂ ਹੈ। ਇਸ ਵਿੱਚ ਵੇਸਟ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ, ਤਾਂ ਜੋ ਗਲੋਬਲੀ ਇੱਕ ਚੰਗਾ ਸੁਨੇਹਾ ਜਾ ਸਕੇ। ਇਹ ਵਾਹਨ ਇਲੈਕਟ੍ਰਾਨਿਕ ਹੈ ਅਤੇ ਇਸ ਕਰਕੇ ਇਸ ਦਾ ਕੋਈ ਵੀ ਪ੍ਰਦੂਸ਼ਣ ਨਹੀਂ ਹੈ।
ਇਸ ਤੋਂ ਇਲਾਵਾ ਇਹ ਸਿਹਤ ਲਈ ਵੀ ਕਾਫੀ ਚੰਗਾ ਹੈ, ਕਿਉਂਕਿ ਇਸ ਨੂੰ ਚਲਾਉਣ ਦੇ ਲਈ ਪੈਡਲ ਵੀ ਲੱਗੇ ਹਨ। ਵਿਸ਼ੂ ਪੱਧਰ 'ਤੇ ਲਗਾਤਾਰ ਕੁਦਰਤੀ ਊਰਜਾ ਨੂੰ ਵਰਤਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਹ ਵਾਹਨ ਦੀ ਸਿਲੈਕਸ਼ਨ ਦੁਬਈ ਦੇ ਵਿੱਚ ਹੋਣ ਵਾਲੇ ਮੁਕਾਬਲਿਆਂ ਦੇ ਅੰਦਰ ਹੋਈ ਹੈ, ਜਿੱਥੇ ਰਿਜ਼ਲਟ ਆਉਣ ਤੋਂ ਬਾਅਦ ਕੰਪਨੀ ਇਸ 'ਤੇ ਹੋਰ ਮੋਡੀਫਿਕੇਸ਼ਨ ਸਬੰਧੀ ਵੀ ਸੋਚ ਸਕਦੀ ਹੈ।
ਭਵਿੱਖ ਦੀ ਤਲਾਸ਼: ਵਿਦਿਆਰਥੀਆਂ ਨੇ ਦੱਸਿਆ ਕਿ ਆਉਣ ਵਾਲਾ ਭਵਿੱਖ ਨਵਿਆਉਣ ਯੋਗ ਊਰਜਾ ਦੀ ਵਰਤੋਂ ਕਰਨ ਦਾ ਹੀ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲੀਅਮ ਪੂਰੇ ਵਿਸ਼ਵ ਵਿੱਚ ਬਹੁਤ ਸੀਮਿਤ ਮਾਤਰਾ ਦੇ ਵਿੱਚ ਹੈ। ਇਸ ਕਰਕੇ ਇਸ ਦੇ ਬੱਦਲ ਵਜੋਂ ਇਲੈਕਟ੍ਰਾਨਿਕ ਦੀ ਵਰਤੋਂ ਇੱਕ ਚੰਗੀ ਸੋਚ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਵਾਹਨ ਤਾਂ ਹੁਣ ਬਾਜ਼ਾਰਾਂ ਦੇ ਵਿੱਚ ਆ ਚੁੱਕੇ ਹਨ, ਪਰ ਹਾਲੇ ਤੱਕ ਫਿਲਹਾਲ ਕੋਈ ਅਜਿਹਾ ਵਾਹਨ ਨਹੀਂ ਆਇਆ ਹੈ, ਜੋ ਕਿ ਸੋਲਰ ਦੇ ਨਾਲ ਚੱਲਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਮੂਲ ਦੀ ਕੰਪਨੀ ਨੇ ਸੋਲਰ ਕਾਰ ਜ਼ਰੂਰ ਤਿਆਰ ਕੀਤੀ ਹੈ।
ਇਸ ਦੇ ਫਿਲਹਾਲ ਟਰਾਇਲ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਮੁਲਕ ਵਿੱਚ ਜਿੱਥੇ ਧੁੱਪ ਲੰਮਾ ਸਮਾਂ ਰਹਿੰਦੀ ਹੈ, ਉੱਥੇ ਸੋਲਰ ਐਨਰਜੀ ਵਾਲੇ ਵਾਹਨ ਕਾਫੀ ਕਾਰਗਰ ਸਾਬਿਤ ਹੋ ਸਕਦੇ ਹਨ। ਜਿਸ ਤਰ੍ਹਾਂ ਗਲੋਬਲ ਵਾਰਮਿੰਗ ਵੱਧ ਰਹੀ ਹੈ ਅਤੇ ਧਰਤੀ ਤੇ ਸਰੋਤ ਘੱਟ ਰਹੇ ਹਨ, ਅਜਿਹੇ ਦੇ ਵਿੱਚ ਕੁਦਰਤੀ ਸਰੋਤਾਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਬਣਦਾ ਜਾ ਰਿਹਾ ਹੈ। ਜਿਸ ਉੱਤੇ ਲਗਾਤਾਰ ਪਛਮੀ ਮੁਲਕਾਂ ਵੱਲੋਂ ਜੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਵੀ ਇਸ ਸਬੰਧੀ ਨਵੇਂ ਤਜਰਬੇ ਕਰਨ ਦੀ ਲੋੜ ਹੈ।
ਕਾਲਜ ਦਾ ਸਹਿਯੋਗ ਸੈਮੀਨਾਰ: ਵਿਦਿਆਰਥੀਆਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਪ੍ਰੋਜੈਕਟ ਨੂੰ ਸਕੂਲ ਦੇ ਪ੍ਰਬੰਧਕਾਂ ਵੱਲੋਂ ਹੀ ਸਾਨੂੰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਅਤੇ ਨਾਲ ਵਿਭਾਗ ਦੇ ਪ੍ਰੋਫੈਸਰਾਂ ਦਾ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਇਸ ਦਾ ਮਾਡਲ ਤਿਆਰ ਕੀਤਾ। ਕਈ ਵਾਰ ਮੁਸ਼ਕਿਲਾਂ ਵੀ ਆਈਆਂ ਜਿਸ ਤੋਂ ਬਾਅਦ ਪ੍ਰੋਫੈਸਰਾਂ ਦੀ ਮਦਦ ਨਾਲ ਉਨ੍ਹਾਂ ਨੇ ਇਸ ਦਾ ਹੱਲ ਕੀਤਾ ਅਤੇ ਹੁਣ ਉਨ੍ਹਾਂ ਦੇ ਕਾਲਜ ਵੱਲੋਂ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਹ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿੱਚ ਸੈਮੀਨਾਰ ਰਾਹੀਂ ਪੀਪੀਟੀ ਬਣਾ ਕੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਸੜਕ ਉੱਤੇ ਵੇਖ ਕੇ ਉਨ੍ਹਾਂ ਨੂੰ ਕਾਫੀ ਲੋਕ ਪਸੰਦ ਵੀ ਕਰਦੇ ਹਨ। ਅੱਗੇ ਜਾ ਕੇ ਉਹ ਇਸ ਨੂੰ ਪੇਟੈਂਟ ਕਰਵਾ ਕੇ ਇਸ ਵਿੱਚ ਹੋਰ ਮੋਡੀਫਿਕੇਸ਼ਨ ਕਰਕੇ ਵੇਚ ਸਕਦੇ ਹਨ। ਇਸ ਸਬੰਧੀ ਵੀ ਕਾਲਜ ਵੱਲੋਂ ਕਦਮ ਚੁੱਕੇ ਜਾ ਰਹੇ ਹਨ।