ਲੁਧਿਆਣਾ: ਦੇਸ਼ ਦੇ ਕਈ ਇਲਾਕਿਆਂ ਵਿੱਚ ਹੁਣ ਤੱਕ ਮੁੰਡੇ ਅਤੇ ਕੁੜੀਆਂ ਵਿੱਚ ਫਰਕ ਰੱਖਿਆ ਜਾਂਦਾ ਹੈ, ਸਮਾਜ ਵਿੱਚ ਸਾਖਰਤਾ ਦਰ ਵਧਣ ਦੇ ਵਾਵਜੂਦ ਕਈ ਲੋਕ ਅੱਜ ਵੀ ਮੁੰਡੇ ਦੀ ਆਸ ਵਿੱਚ ਧੀਆਂ ਨੂੰ ਕੁੱਖ ਵਿੱਚ ਹੀ ਖ਼ਤਮ ਕਰਨ ਵਰਗੇ ਘਿਨੌਣੇ ਅਪਰਾਧ ਕਰਦੇ ਹਨ। ਪਰ ਅਜਿਹੇ ਵਿੱਚ ਖੰਨਾ ਦੀ ਧੀ ਸ਼ਾਹੀਨ ਗਿੱਲ ਨੇ ਇਹ ਸਾਬਿਤ ਕਰ ਦਿੱਤਾ ਕਿ ਅਜੋਕੇ ਯੁੱਗ ਦੀਆਂ ਧੀਆਂ ਮੁੰਡਿਆਂ ਨਾਲੋਂ ਕਿਸੀ ਵੀ ਤਰ੍ਹਾਂ ਨਾਲ ਘੱਟ ਨਹੀਂ ਬਲਕਿ ਉਹ ਮਿਹਨਤ ਕਰ ਹਰ ਮੰਜਿਲ ਨੂੰ ਸਰ ਕਰਨਾ ਜਾਣਦੀਆਂ ਹਨ।
ਖੰਨਾ ਦੀ ਅੰਤਰ ਰਾਸ਼ਟਰੀ ਬਾਕਸਿੰਗ ਖਿਡਾਰਨ ਸ਼ਾਹੀਨ ਗਿੱਲ ਜਾਰਡਨ ਵਿੱਚ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ (Asian Youth & Junior Boxing) ਦੇ ਫਾਈਨਲ ਮੁਕਾਬਲੇ ਵਿੱਚ ਦਾ ਸੋਨ ਤਗ਼ਮੇ ਜਿੱਤ (SHAHEEN GILL WINS GOLD) ਆਪਣੇ ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਸ਼ਾਹੀਨ ਗਿੱਲ ਦਾ ਫ਼ਾਈਨਲ ਮੁਕਾਬਲਾ ਉਜ਼ਬੇਕਿਸਤਾਨ ਦੀ ਖਿਡਾਰਨ ਨਾਲ ਸੀ। ਸ਼ਾਹੀਨ ਗਿੱਲ ਨੇ ਇਸ ਸਖ਼ਤ ਮੁਕਾਬਲੇ ਨੂੰ ਚੁਣੌਤੀ ਦਿੰਦੇ ਹੋਏ ਜਿੱਤ ਦਰਜ ਕੀਤੀ ਹੈ।
ਸ਼ਾਹੀਨ ਗਿੱਲ ਦੀ ਇਸ ਜਿੱਤ ਨਾਲ ਪੂਰੇ ਸ਼ਹਿਰ ਅਤੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਖੰਨਾ ਹਲਕਾ ਦੇ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਵੀ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਘਰ ਵਿੱਚ ਵਧਾਈ ਦੇਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਸ਼ਾਹੀਨ ਦੀ ਦਾਦੀ ਸਮਾਜਸੇਵੀ ਬੀਬੀ ਫਾਤਮਾ ਜੀ ਨੇ ਕਿਹਾ ਕਿ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ।
ਸ਼ਾਹੀਨ ਗਿੱਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਮਾਣ ਹੈ ਕਿ ਉਨ੍ਹਾਂ ਦੀ ਧੀ ਨੇ ਨਾਂਅ ਰੌਸ਼ਨ ਕੀਤਾ। ਸ਼ਾਹੀਨ ਦੀ ਦਾਦੀ ਬੀਬੀ ਫਾਤਿਮਾ, ਪਿਤਾ ਸੋਨੀ ਗਿੱਲ ਅਤੇ ਮਾਤਾ ਰੋਜ਼ੀ ਖਾਨਮ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਉਹ ਹਮੇਸ਼ਾਂ ਹੀ ਪੁੱਤ ਸਮਝਦੇ ਹਨ। ਪਰਿਵਾਰ ਨੇ ਕਿਹਾ ਕਿ ਬੇਟਾ ਬੇਟੀ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ। ਉੱਥੇ ਹੀ ਸ਼ਾਹੀਨ ਦੇ ਗੁਆਂਢੀ ਪ੍ਰੋਫੈਸਰ ਜਗਦੀਪ ਸਿੰਘ ਨੇ ਕਿਹਾ ਕਿ ਸ਼ਾਹੀਨ ਗਿੱਲ ਉਪਰ ਸ਼ਹਿਰਵਾਸੀਆਂ ਨੂੰ ਮਾਣ ਹੈ। ਉਹ ਸ਼ਹਿਰ ਵਾਪਿਸ ਆਉਣ ’ਤੇ ਸ਼ਾਹੀਨ ਦਾ ਸ਼ਾਨਦਾਰ ਸਵਾਗਤ ਕਰਨਗੇ।
ਇਹ ਵੀ ਪੜ੍ਹੋ: ਆਸਟ੍ਰੇਲੀਆਈ ਕ੍ਰਿਕਟਰ ਐਲਿਸੇ ਨੇ ਝੂਲਨ ਦੀ ਤਾਰੀਫ ਦੇ ਪੜ੍ਹੇ ਕਸੀਦੇ