ਲੁਧਿਆਣਾ: ਪੰਜਾਬ ਸਰਕਾਰ ਇੱਕ ਪਾਸੇ ਜਿੱਥੇ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਘਰ ਬੈਠੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਰਾਈਵਿੰਗ ਲਾਇਸੰਸ ਬਣਾਉਣ ਲਈ ਆਨਲਾਈਨ ਕੰਮ ਹੋ ਰਹੇ ਹਨ। ਉੱਥੇ ਹੀ, ਦੂਜੇ ਪਾਸੇ ਲੋਕ ਆਰਟੀਏ ਦਫਤਰ ਦੇ ਧੱਕੇ ਖਾ ਰਹੇ ਹਨ ਅਤੇ ਕੰਮ ਨਾ ਹੋਣ ਕਰ ਕੇ ਪਰੇਸ਼ਾਨ ਨਜ਼ਰ ਆ ਰਹੇ ਹਨ। ਤਿੰਨ-ਤਿੰਨ ਮਹੀਨੇ ਬੀਤ ਜਾਣ ਮਗਰੋਂ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਸ ਕਰਕੇ ਲੋਕਾਂ ਨੇ ਆਪਣੀ ਭੜਾਸ ਦਫ਼ਤਰ ਦੇ ਅਧਿਕਾਰੀਆਂ ਉੱਤੇ ਕੱਢੀ ਹੈ ਅਤੇ ਕਿਹਾ ਹੈ ਕਿ ਦਫ਼ਤਰ ਵਿਚ ਅਫ਼ਸਰ ਮੌਜੂਦ ਹੀ ਨਹੀਂ ਹੁੰਦੇ, ਜਦਕਿ ਦੂਜੇ ਪਾਸੇ ਅਧਿਕਾਰੀਆਂ ਅਤੇ ਹਲਕੇ ਦੇ ਵਿਧਾਇਕ ਨੇ ਸਫਾਈ ਦਿੱਤੀ ਹੈ।
ਲੋਕਾਂ ਨੇ ਕੱਢੀ ਭੜਾਸ: ਆਰਟੀਓ ਦਫਤਰ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਹੁਣ ਮੁੜ ਤੋਂ ਕੰਮ ਨਾ ਹੋਣ ਕਰਕੇ ਸੁਰਖੀਆਂ ਵਿੱਚ ਹੈ। ਲਾਇਸੰਸ ਬਣਾਉਣ ਆਏ ਲੋਕ ਅਤੇ ਆਰਟੀਓ ਦਫ਼ਤਰ ਨਾਲ ਸਬੰਧਤ ਕੰਮ ਕਰਵਾਉਣ ਆਏ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦਫ਼ਤਰ ਪਹੁੰਚੇ ਜਗਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੇ ਲਾਇਸੰਸ ਤੇ ਫੀਮੇਲ ਦੀ ਜਗ੍ਹਾ ਮੇਲ ਲਿਖਿਆ ਗਿਆ ਹੈ ਜਿਸਨੂੰ ਠੀਕ ਕਰਵਾਉਣ ਲਈ ਤਿੰਨ ਮਹੀਨੇ ਤੋਂ ਚੱਕਰ ਲਗਾ ਰਹੇ ਹਨ। ਇਸੇ ਤਰ੍ਹਾਂ ਆਰਟੀਓ ਦਫਤਰ ਪੁੱਜੇ ਕਈ ਹੋਰ ਲੋਕਾਂ ਨੇ ਕਿਹਾ ਕਿ ਛੇ-ਛੇ ਮਹੀਨੇ ਚੱਕਰ ਲਾਉਣ ਦੇ ਬਾਵਜੂਦ ਖ਼ਾਲੀ ਹੱਥ ਮੁੜਨਾ ਪੈਂਦਾ ਹੈ, ਕਿਉਂਕਿ ਅਫਸਰ ਸੀਟਾਂ ਤੇ ਮੌਜੂਦ ਹੀ ਨਹੀਂ ਹੁੰਦੇ।
ਆਰਟੀਓ ਦਫ਼ਤਰ ਅਧਿਕਾਰੀ ਦਾ ਜਵਾਬ: ਦਫ਼ਤਰ ਅਧਿਕਾਰੀ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਕੰਮ ਛੱਡ ਕੇ ਕੋਰਟ ਜਾਣਾ ਪੈਂਦਾ ਹੈ। ਸਾਡੇ ਕੋਲ ਸਟਾਫ਼ ਦੀ ਵੀ ਕਮੀ ਹੈ। ਇਸ ਤੋਂ ਇਲਾਵਾ ਆਰਟੀਓ ਮੈਡਮ ਨੂੰ ਫੀਲਡ ਵਿੱਚ ਜਾਣਾ ਪੈਂਦਾ ਹੈ ਜਿਸ ਕਰਕੇ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਦਾ ਕੰਮ ਬਕਾਇਆ ਨਹੀਂ ਰਹਿਣ ਦੇ ਰਹੇ। ਜੇਕਰ ਮੇਰੇ ਵਿਭਾਗ ਨਾਲ ਸਬੰਧਤ ਕਿਸੇ ਦਾ ਕੋਈ ਕੰਮ ਹੈ, ਤਾਂ ਮੈਂ ਜ਼ਰੂਰ ਕਰ ਦੇਵਾਂਗਾ। ਉਨ੍ਹਾਂ ਦੱਸਿਆ ਕਿ ਮਹਿਕਮਾ 60 ਫ਼ੀਸਦੀ ਸਟਾਫ਼ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਕਰਕੇ ਕੁਝ ਸਮੱਸਿਆਵਾਂ ਜ਼ਰੂਰ ਆ ਰਹੀਆਂ ਹਨ।
ਐਮਐਲਏ ਦੀ ਸਫਾਈ: ਆਮ ਆਦਮੀ ਪਾਰਟੀ ਦੇ ਐਮਐਲਏ, ਜਿੱਥੇ ਦਾਅਵੇ ਕਰਦੇ ਹਨ ਕਿ ਉਹ ਲੋਕਾਂ ਦੀ ਸੇਵਾ ਲਈ ਵਚਨਬੱਧ ਹਨ। ਉੱਥੇ ਹੀ, ਲੁਧਿਆਣਾ ਪੱਛਮੀ ਤੋਂ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਤੁਸੀਂ ਮੇਰੇ ਧਿਆਨ ਵਿੱਚ ਮਾਮਲਾ ਲਿਆਂਦਾ ਹੈ ਤਾਂ ਉਹ ਇਸ ਸਬੰਧੀ ਜ਼ਰੂਰ ਕੋਈ ਨਾ ਕੋਈ ਕਾਰਵਾਈ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਲਈ ਵਚਨਬੱਧ ਹਾਂ, ਪਰ ਇਹ ਮਾਮਲਾ ਲੁਧਿਆਣਾ ‘ਚ ਨਹੀਂ ਸੀ ਪੈਂਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:Bathinda Jail News: ਜੇਲ੍ਹ ਵਿੱਚ ਜ਼ਮੀਨ ਹੇਠਾਂ ਲੁਕਾਏ ਨਸ਼ਾ ਅਤੇ ਮੋਬਾਇਲ ਫੋਨ ਹੋਏ ਬਰਾਮਦ