ਲੁਧਿਆਣਾ: ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਅਹਿਮ ਬੈਠਕ ਲੁਧਿਆਣਾ ਦੇ ਵਿੱਚ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਕੀਤੀ, ਉੱਥੇ ਹੀ ਲੁਧਿਆਣੇ ਦੇ ਸਕੂਲਾਂ ਬਾਰੇ ਵੀ ਕਿਹਾ ਕਿ ਉਹ ਖਸਤਾ ਹਾਲਤ ਦੇ ਵਿੱਚ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਭਾਰਤ ਭੂਸ਼ਣ ਆਸ਼ੂ ਅੱਜ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਬੈਠਕ ਦੇ ਵਿੱਚ ਨਹੀਂ ਪਹੁੰਚੇ ਤਾਂ ਉਹਨਾਂ ਕਿਹਾ ਕਿ ਉਹ ਅੱਜ ਕਿਸੇ ਕੰਮ ਨੂੰ ਲੈਕੇ ਰੁਝੇ ਹੋਏ ਸਨ ਅਤੇ ਉਹ ਖੁਦ ਵੀ ਮੀਟਿੰਗ 'ਚ ਨਹੀਂ ਜਾ ਸਕੇ।
ਪੰਜਾਬ ਇੰਚਾਰਜ ਨਾਲ ਮੀਟਿੰਗ: ਰਵਨੀਤ ਬਿੱਟੂ ਨੇ ਕਿਹਾ ਕਿ ਇੰਚਾਰਜ ਤਿੰਨ ਦਿਨ ਤੱਕ ਪੰਜਾਬ ਦੇ ਵਿੱਚ ਹੀ ਹਨ, ਉਹਨਾਂ ਦੀ ਦੁਆਰਾ ਤੋਂ ਉਹਨਾਂ ਨਾਲ ਮੀਟਿੰਗ ਹੋਵੇਗੀ। ਹਾਲਾਂਕਿ ਗਠਜੋੜ ਨੂੰ ਲੈ ਕੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਹਾਈਕਮਾਨ ਦਾ ਫੈਸਲਾ ਹੋਵੇਗਾ, ਮੈਂ ਪਿਛਲੇ ਛੇ ਮਹੀਨਿਆਂ ਤੋਂ ਇਹ ਕਹਿ ਰਿਹਾ ਹਾਂ। ਉਹਨਾਂ ਕਿਹਾ ਕਿ ਲਗਾਤਾਰ ਮੀਟਿੰਗ ਚੱਲ ਰਹੀ ਹੈ ਜੋ ਹਾਈਕਮਾਨ ਦਾ ਫੈਸਲਾ ਹੋਵੇਗਾ, ਉਹੀ ਆਖਰੀ ਹੋਵੇਗਾ। ਉਹਨਾਂ ਕਿਹਾ ਕਿ ਸਾਡੇ ਵੱਲੋਂ ਜ਼ਰੂਰ ਆਪਣੀ ਰਾਏ ਕਾਂਗਰਸ ਦੇ ਸੀਨੀਅਰ ਲੀਡਰਾਂ ਸਣੇ ਰਾਹੁਲ ਗਾਂਧੀ ਨੂੰ ਦੇ ਦਿੱਤੀ ਗਈ ਹੈ।
ਸਰਕਾਰ 'ਤੇ ਖੜੇ ਕੀਤੇ ਸਵਾਲ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਸੂਬਾ ਸਰਕਾਰ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਲੱਗਭਗ 50 ਕਰੋੜ ਦੇ ਕਰੀਬ ਦੀ ਰਕਮ ਲੁਧਿਆਣੇ ਤੋਂ ਇਕੱਠੀ ਕਰਕੇ ਜਲੰਧਰ ਲੋਕ ਸਭਾ ਚੋਣਾਂ ਦੇ ਵਿੱਚ ਲਗਾਈ ਗਈ ਹੈ। ਜਿਸ ਲਈ ਸੂਬਾ ਸਰਕਾਰ ਅਤੇ ਲੁਧਿਆਣਾ ਦੇ ਵਿਧਾਇਕ ਜਿੰਮੇਵਾਰ ਹਨ। ਇਸ ਦੌਰਾਨ ਨਗਰ ਨਿਗਮ ਦੇ ਵਿੱਚ ਹੋਏ ਘੁਟਾਲੇ 'ਤੇ ਵੀ ਉਹਨਾਂ ਕਿਹਾ ਕਿ ਇਸ 'ਤੇ ਉਹ ਮੁੜ ਤੋਂ ਪ੍ਰੈਸ ਕਾਨਫਰੰਸ ਕਰਨਗੇ ਅਤੇ ਵੱਡੇ ਖੁਲਾਸੇ ਕਰਨਗੇ।
ਗਠਜੋੜ ਤੇ ਸਿੱਧੂ ਨੂੰ ਲੈਕੇ ਆਖੀ ਇਹ ਗੱਲ: ਰਵਨੀਤ ਬਿੱਟੂ ਨੂੰ ਜਦੋਂ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਸੀਂ ਪਹਿਲਾਂ ਵੀ 2022 ਦੇ ਵਿੱਚ ਬਿਆਨਬਾਜ਼ੀਆਂ ਕਰਕੇ ਬਹੁਤ ਨੁਕਸਾਨ ਕਰ ਚੁੱਕੇ ਹਾਂ, ਇਸ ਕਰਕੇ ਅਸੀਂ ਹੁਣ ਕੁਝ ਨਹੀਂ ਕਹਾਂਗੇ। ਕਾਬਿਲੇਗੌਰ ਹੈ ਕਿ ਇਸ ਦੌਰਾਨ ਹਾਈ ਕਮਾਨ ਦਾ ਅਸਰ ਰਵਨੀਤ ਬਿੱਟੂ ਦੇ ਬੋਲਾਂ 'ਤੇ ਅੱਜ ਜ਼ਰੂਰ ਕਿਤੇ ਨਾ ਕਿਤੇ ਵੇਖਣ ਨੂੰ ਮਿਲਿਆ। ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਉਹ ਪਾਰਟੀ ਦੇ ਅੰਦੁਰਨੀ ਮਾਮਲਿਆਂ ਬਾਰੇ ਕੁੱਝ ਨਹੀਂ ਬੋਲਣਗੇ। ਦਿੱਲੀ ਦੇ ਵਿੱਚ ਬੈਠਕ ਹੋਈ ਤੇ ਅੱਜ ਚੰਡੀਗੜ 'ਚ ਬੈਠਕ ਹੋਈ ਹੈ, ਸਭ ਮੀਡੀਆ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਉਸ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਹੈ। ਰਵਨੀਤ ਬਿੱਟੂ ਨੇ ਇਸ ਮੌਕੇ ਲੁਧਿਆਣਾ ਦੇ ਅਧੂਰੇ ਪਏ ਕੰਮਾਂ ਨੂੰ ਲੈਕੇ ਵੀ ਚਿੰਤਾ ਜਾਹਿਰ ਕੀਤੀ।