ਲੁਧਿਆਣਾ: ਬੀਤੇ ਕਈ ਦਿਨਾਂ ਤੋਂ ਲਗਾਤਾਰ ਦਿਨ ਵੇਲੇ ਵੱਧ ਰਹੇ ਪਾਰੇ ਦੇ ਵਿੱਚ ਹੁਣ ਆਉਂਦੇ ਦਿਨਾਂ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਜੋ ਲੋਕਾਂ ਨੂੰ ਤਪਿਸ਼ ਮਹਿਸੂਸ ਹੋਣ ਲੱਗੀ ਸੀ ਉਹ ਮੁੜ ਤੋਂ ਠੰਢ ਵਿੱਚ ਤਬਦੀਲ ਹੋ ਜਾਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿੱਚ ਜਿੱਥੇ ਤੇਜ਼ ਹਵਾਵਾਂ ਚੱਲਣਗੀਆਂ ਉੱਥੇ ਹੀ ਦੂਜੇ ਪਾਸੇ 21 ਤੇ 22 ਫਰਵਰੀ ਨੂੰ ਪੰਜਾਬ ਦੀਆਂ ਕਈ ਥਾਵਾਂ ਉੱਤੇ ਹਲਕਾ ਮੀਂਹ ਵੀ ਪੈ ਸਕਦਾ ਹੈ, ਜਿਸ ਨਾਲ ਦਿਨ ਦੇ ਪਾਰੇ ਵਿੱਚ ਵੀ ਗਿਰਾਵਟ ਦਰਜ ਹੋਵੇਗੀ ਅਤੇ ਮੁੜ ਤੋਂ ਲੋਕਾਂ ਨੂੰ ਠੰਢ ਮਹਿਸੂਸ ਹੋਵੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਇੱਕ ਫ੍ਰੈਸ਼ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਦੇ ਵਿੱਚ ਇਹ ਤਬਦੀਲੀ ਆਵੇਗੀ ਹਾਲਾਂਕਿ ਉਨ੍ਹਾਂ ਕਿਹਾ ਕਿ ਜੋ ਪਾਰਾ ਲਗਾਤਾਰ ਵੱਧ ਰਿਹਾ ਸੀ ਉਸ ਵਿੱਚ ਗਿਰਾਵਟ ਆਉਣ ਨਾਲ ਉਹ ਫਸਲਾਂ ਲਈ ਲਾਹੇਵੰਦ ਹੀ ਸਾਬਿਤ ਹੋਵੇਗਾ। ਖਾਸ ਕਰਕੇ ਕਣਕ ਦੀ ਫ਼ਸਲ ਲਈ ਠੰਢਾ ਮੌਸਮ ਕਾਫੀ ਚੰਗਾ ਹੈ।
ਉਨ੍ਹਾਂ ਕਿਹਾ ਕਿ ਸਾਲ ਕਣਕ ਦੀ ਫਸਲ ਚੰਗੀ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ ਚ ਜੇਕਰ ਤਾਪਮਾਨ ਇੱਕਦਮ ਵੱਧ ਜਾਂਦਾ ਹੈ ਤਾਂ ਕਣਕ ਜਾਂ ਸਰ੍ਹੋਂ ਦੀ ਫ਼ਸਲ ਪੀੜ੍ਹੀ ਹੋ ਜਾਣੀ ਸੀ ਅਤੇ ਹੁਣ ਵੈਸਟਰਨ ਡਿਸਟਰਬੈਂਸ ਨਾਲ ਖਤਰਾ ਟਲ ਜਾਵੇਗਾ। ਜਿੱਥੇ ਲੋਕ ਗਰਮੀ ਮਹਿਸੂਸ ਕਰਨ ਲੱਗੇ ਸੀ ਉਨ੍ਹਾਂ ਨੂੰ ਵੀ ਹੁਣ ਕੁਝ ਰਾਹਤ ਮਿਲੇਗੀ।