ਲੁਧਿਆਣਾ: ਪੰਜਾਬ ਵਿੱਚੋਂ ਲਗਾਤਾਰ ਇੰਟਰ-ਸਟੇਟ ਬੱਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸਵੇਰ ਤੋਂ ਹੀ, ਲੁਧਿਆਣਾ ਬੱਸ ਸਟੈਂਡ ਵਿੱਚ ਯਾਤਰੀਆਂ ਦੀ ਭੀੜ ਵਿਖਾਈ ਦਿੱਤੀ। ਇਸ ਦੌਰਾਨ ਕਤਾਰਾਂ ਵਿੱਚ ਲੱਗ ਕੇ ਯਾਤਰੀ ਬੱਸਾਂ ਵਿੱਚ ਸਫਰ ਕਰਨ ਲਈ ਟਿਕਟਾਂ ਲੈਂਦੇ ਵਿਖਾਈ ਦਿੱਤੇ। ਹਾਲਾਂਕਿ, ਇਸ ਦੌਰਾਨ ਬੱਸ ਸਟੈਂਡ ਉੱਤੇ ਸੈਨੇਟਾਈਜੇਸ਼ਨ ਅਤੇ ਮੈਡੀਕਲ ਸਕ੍ਰੀਨਿੰਗ ਦਾ ਵੀ ਪੂਰਾ ਪ੍ਰਬੰਧ ਵਿਖਾਈ ਦਿੱਤਾ। ਟੈਂਪਰੇਚਰ ਚੈੱਕ ਕਰਨ ਤੋਂ ਬਾਅਦ ਹੀ ਯਾਤਰੀਆਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਲੁਧਿਆਣਾ ਬੱਸ ਸਟੈਂਡ ਤੋਂ ਵੱਖ-ਵੱਖ ਰੂਟਾਂ ਲਈ ਅੱਠ ਬੱਸਾਂ ਰਵਾਨਾ ਕੀਤੀਆਂ ਗਈਆਂ ਹਨ ਜਿਸ ਵਿੱਚ 50 ਫੀਸਦੀ ਹੀ ਸਵਾਰੀਆਂ ਬਿਠਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਡਕਟਰ ਯੂਨੀਅਨ ਦੇ ਉਪ ਪ੍ਰਧਾਨ ਸਤਨਾਮ ਸਿੰਘ ਨੇ ਦੱਸਿਆ ਕਿ ਰਾਹ ਦੀ ਕੋਈ ਵੀ ਸਵਾਰੀ ਬੱਸ ਵਿੱਚ ਨਹੀਂ ਬਿਠਾਈ ਜਾ ਰਹੀ ਲੁਧਿਆਣਾ ਜਾਂ ਦੂਜੇ ਜ਼ਿਲ੍ਹੇ ਦੇ ਕਸਬੇ ਦੇ ਬੱਸ ਸਟੈਂਡ 'ਤੇ ਹੀ ਬੱਸ ਰੋਕੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਰਸਤੇ 'ਚੋਂ ਕੋਈ ਸਵਾਰੀ ਚੜ੍ਹਾਈ ਨਹੀਂ ਜਾ ਰਹੀ ਪਰ ਜੇਕਰ ਕੋਈ ਉਤਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਤਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਅਤੇ ਕੰਡਕਟਰ ਵਲੋਂ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਮਾਸਕ ਅਤੇ ਗਲਵਜ਼ ਪਾਉਣੇ ਲਾਜ਼ਮੀ ਕਰ ਦਿੱਤੇ ਗਏ ਹਨ ਜਿਸ ਦਾ ਧਿਆਨ ਰੱਖਦਿਆਂ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਸੈਲੂਨ ਖੋਲ੍ਹਣ ਦੀ ਕਦੋਂ ਮਿਲੇਗੀ ਮੰਜੂਰੀ...