ਲੁਧਿਆਣਾ: ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਮਕਸਦ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਵਿੱਚ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਠ ਮਾਰਚ ਨੂੰ ਦਿੱਲੀ ਵਿਖੇ ਵਿਸ਼ਾਲ ਇਸਤਰੀ ਦਿਵਸ ਮਨਾਉਣ ਸੰਬੰਧੀ ਦਿੱਤੇ ਪ੍ਰੋਗਰਾਮ ਤਹਿਤ ਵੱਡੇ ਪੱਧਰ ’ਤੇ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਬਲਕਿ ਇਸ ਕਿਸਾਨੀ ਘੋਲ ਨੂੰ ਜਨਤਕ ਅੰਦੋਲਨ ਬਣਾਉਣ ਦੇ ਮਕਸਦ ਤਹਿਤ ਪਿੰਡਾਂ ਵਿੱਚ ਨਾਟਕ ਵੀ ਕਰਵਾਏ ਜਾ ਰਹੇ ਹਨ।
ਇਨ੍ਹਾਂ ਖੇਡੇ ਜਾ ਰਹੇ ਨਾਟਕਾਂ ਦੌਰਾਨ ਤੀਰਥ ਸਿੰਘ ਚੜਿੱਕ ਦੇ ਨਿਰਦੇਸ਼ਨ ਤਹਿਤ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਵੱਲੋਂ 'ਮੈਂ ਦੁੱਲਾ ਦਿੱਲੀਓਂ ਬੋਲ ਰਿਹਾਂ' ਅਤੇ 'ਲੀਰਾਂ' ਨਾਟਕ ਖੇਡੇ ਗਏ, ਜਿਨ੍ਹਾਂ ਰਾਹੀਂ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਸਾਨੀ ਅੰਦੋਲਨ ਪ੍ਰਤੀ ਲਾਮਬੰਦ ਕੀਤਾ।
ਇਸ ਮੌਕੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਮਾਈ ਭਾਗੋ ਦੀਆਂ ਵਾਰਸਾਂ ਬੀਬੀਆਂ ਜਦੋਂ ਕਿਸਾਨੀ ਘੋਲ ਵਿੱਚ ਬਰਾਬਰ ਸ਼ਮੂਲੀਅਤ ਕਰਨ ਲੱਗ ਜਾਣ ਤਾਂ ਸੰਘਰਸ਼ ਦੀ ਜਿੱਤ ਯਕੀਨੀ ਹੁੰਦੀ ਹੈ। ਜਦ ਕਿ ਇਸ ਕਿਸਾਨੀ ਸੰਘਰਸ਼ ਵਿੱਚ ਹਰ ਵਰਗ ਅਤੇ ਭਾਈਚਾਰੇ ਦੇ ਬਜ਼ੁਰਗਾਂ, ਨੌਜਵਾਨਾਂ, ਬੀਬੀਆਂ ਤੇ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਨੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ। ਇਸੇ ਲਈ ਹੁਣ ਕੇਂਦਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲੱਗੀ ਹੋਈ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।