ਲੁਧਿਆਣਾ: 'ਜਲ ਹੀ ਜੀਵਨ ਹੈ' ਇਹ ਸਾਨੂੰ ਕਿਤਾਬਾਂ 'ਚ ਤਾਂ ਹਮੇਸ਼ਾਂ ਪੜ੍ਹਾਇਆ ਜਾਂਦਾ ਹੈ ਪਰ ਇਸ 'ਤੇ ਅਮਲ ਕੋਈ ਨਹੀਂ ਕਰਦਾ, ਜੇਕਰ ਕਿਸਾਨ 90 ਫ਼ੀਸਦੀ ਪਾਣੀ ਦੀ ਖਪਤ ਖੇਤੀ ਲਈ ਕਰਦੇ ਹਨ ਤਾਂ 10 ਫੀਸਦੀ ਵਿੱਚੋਂ ਘਰੇਲੂ ਵਰਤੋਂ ਲਈ ਵਰਤਿਆ ਜਾਣ ਵਾਲੇ ਪਾਣੀ ਦੀ 70 ਫੀਸਦੀ ਤੱਕ ਦੀ ਦੁਰਵਰਤੋਂ ਹੁੰਦੀ ਹੈ। ਲੁਧਿਆਣਾ ਦੇ ਇਕ ਪ੍ਰੋਫੈਸਰ ਵੱਲੋਂ ਕੀਤੀ ਗਈ ਰਿਸਰਚ 'ਚ ਇਹ ਖੁਲਾਸਾ ਹੋਇਆ ਸੀ ਅਨਪੜ੍ਹ ਨਾਲੋਂ ਪੜ੍ਹੇ-ਲਿਖੇ ਜਿਆਦਾ ਪਾਣੀ ਦੀ ਦੁਰਵਰਤੋਂ ਕਰਦੇ ਹਨ ਭਾਵ ਕਿ ਪਿੰਡਾਂ ਦੇ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਘਰੇਲੂ ਵਰਤੋਂ ਲਈ ਪਾਣੀ ਨਾਲੋਂ ਸ਼ਹਿਰਾਂ ਵਿੱਚ ਪਾਣੀ ਦੀ ਵਧੇਰੇ ਦੁਰਵਰਤੋਂ ਹੁੰਦੀ ਹੈ। ਪਾਣੀ ਦੀ ਬਚਤ ਸਮੇਂ ਦੀ ਲੋੜ ਹੈ। ਪੀ.ਏ.ਯੂ ਵੱਲੋਂ ਸਾਲ 2023 ਹਾਲ ਹੀ ਦੇ ਵਿੱਚ ਕੀਤੀ ਖੋਜ ਤੋਂ ਸਾਫ਼ ਹੋ ਚੁਕਾ ਹੈ ਕਿ 150 ਬਲਾਕ 'ਚੋਂ 117 ਬਲਾਕ ਦਾ ਪਾਣੀ ਡਾਰਕ ਜ਼ੋਨ ਵਿੱਚ ਆ ਗਿਆ ਹੈ। ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਗੱਲ ਤੋਂ ਸਾਰੇ ਵਾਕਿਫ਼ ਹੈ ਪਰ ਕਿਸਾਨਾਂ ਨੂੰ ਪਾਣੀ ਦੀ ਬੱਚਤ ਕਰਨ ਦੀ ਸਲਾਹ ਦੇਣ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਪਾਣੀ ਦੀ ਬੱਚਤ ਕਿਵੇਂ ਕਰੀਏ ਇਸ ਬਾਰੇ ਕੋਈ ਸੁਝਾਅ ਨਹੀਂ ਦਿੰਦਾ ਪਰ ਲੁਧਿਆਣਾ ਨਗਰ ਨਿਗਮ ਵੱਲੋਂ ਸਿਟੀ ਨੀਡਜ਼ ਦੇ ਸਹਿਯੋਗ ਦੇ ਨਾਲ ਇੱਕ ਪਾਈਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਜਿਸ ਵਿੱਚ ਘਰਾਂ ਦੇ ਅੰਦਰ 60 ਰੁਪਏ ਕੀਮਤ ਦਾ ਇੱਕ ਅਜਿਹਾ ਪੁਰਜ਼ਾ ਲਗਾਇਆ ਜਾਂਦਾ ਹੈ ਜੋ ਪਾਣੀ ਦੀ ਬੱਚਤ ਕਰਦਾ ਹੈ।
ਪਾਣੀ ਦੀ ਬੱਚਤ: ਇਸ ਪੁਰਜ਼ੇ ਦੀ ਕੀਮਤ ਮਹਿਜ਼ 60 ਰੁਪਏ ਹੈ। ਇਹ ਘਰਾਂ ਦੇ ਵਿੱਚ ਟੂਟੀਆਂ 'ਤੇ ਲੱਗਦਾ ਹੈ ਅਤੇ ਉਨ੍ਹਾਂ ਦੇ ਪਾਣੀ ਦੇ ਵਗਣ ਦੇ ਤੇਜ਼ ਰਫਤਾਰ ਵਹਾਅ ਨੂੰ ਘੱਟ ਕਰ ਦਿੰਦਾ ਹੈ। ਪਾਣੀ ਜੀਵਨ ਫੁਵਾਰੇ ਵਿੱਚ ਆਉਂਦਾ ਹੈ ਉਸ ਤਰਾਂ ਇਸ ਪੁਰਜੇ ਦੇ ਨਾਲ ਲਾਉਣ ਟੂਟੀ ਚੋਂ ਨਿਕਲਦਾ ਹੈ ਅਤੇ ਇਸ ਨਾਲ ਪਾਣੀ ਦੀ 60 ਫ਼ੀਸਦੀ ਤੱਕ ਬੱਚਤ ਹੁੰਦੀ ਹੈ। ਇੱਕ ਘਰ 'ਚ ਜੇਕਰ 4 ਤੋਂ 5 ਟੂਟੀਆਂ 'ਚ ਇਹ ਪੁਰਜਾ ਲਗਾਇਆ ਜਾਂਦਾ ਹੈ ਤਾਂ ਇਹ 1 ਲੱਖ ਲੀਟਰ ਤੱਕ ਸਲਾਨਾ ਪਾਣੀ ਦੀ ਬੱਚਤ ਕਰ ਸਕਦਾ ਹੈ। ਇਕ ਟੂਟੀ ਤੋਂ ਐਵਰੇਜ 1 ਮਿੰਟ ਚਲਾਉਣ ਨਾਲ 15 ਲੀਟਰ ਪਾਣੀ ਨਿਕਲਦਾ ਹੈ, ਪਰ ਇਸ ਪੁਰਜੇ ਦੇ ਨਾਲ 5 ਤੋਂ 6 ਲੀਟਰ ਪਾਣੀ ਹੀ ਨਿਕਲਦਾ ਹੈ ਜਿਸਦੀ ਰਿਸਰਚ ਕਰਕੇ ਲਾਈਵ ਵੀਡੀਓ ਬਣਾ ਕੇ ਇਸ ਨੂੰ ਸਾਬਿਤ ਕਰ ਦਿੱਤਾ ਗਿਆ ਹੈ।
ਪਾਣੀ ਦੀ ਦੁਰਵਰਤੋਂ: ਅਕਸਰ ਹੀ ਘਰ 'ਚ ਹੱਥ ਧੋਣ, ਬੁਰਸ਼ ਕਰਨ, ਸ਼ੇਵ ਕਰਨ, ਮੂੰਹ ਧੋਣ, ਭਾਂਡੇ ਧੋਣ 'ਚ ਆਮ ਤੌਰ 'ਤੇ ਪਾਣੀ ਦੀ ਦੁਰਵਰਤੋਂ ਵੇਖਣ ਨੂੰ ਮਿਲਦੀ ਹੈ, ਲੋਕ ਟੂਟੀਆਂ ਪੂਰੀਆਂ ਖੋਲ੍ਹ ਦਿੰਦੇ ਹਨ ਅਤੇ ਪਾਣੀ ਵਗਦਾ ਰਹਿੰਦਾ ਹੈ, ਪਰ ਇਸ ਪੁਰਜੇ ਨੂੰ ਲਾਉਣ ਨਾਲ ਪਾਣੀ ਦਾ ਵਹਾਅ 50 ਫ਼ੀਸਦੀ ਘੱਟ ਜਾਂਦਾ ਹੈ ਹਾਲਾਂਕਿ ਪਾਣੀ ਦੀ ਵਰਤੋਂ ਉਸ ਤਰਾਂ ਹੀ ਹੁੰਦੀ ਹੈ ਪਰ ਟੂਟੀ ਚੋਂ ਪਾਣੀ ਘੱਟ ਨਿਕਲਣ ਕਰਕੇ ਪਾਣੀ ਦੀ ਬੱਚਤ ਵੱਡੀ ਗਿਣਤੀ 'ਚ ਹੁੰਦੀ ਹੈ ਅਤੇ ਮੋਟਰ ਨਾ ਚਲਾਉਣ ਕਰਕੇ ਬਿਜਲੀ ਦੀ ਵੀ ਬੱਚਤ ਹੁੰਦੀ ਹੈ।
ਪ੍ਰੋਜੈਕਟ ਦੀ ਸ਼ੁਰੂਆਤ: ਇਸ ਪ੍ਰੋਜੈਕਟ ਨੂੰ ਪਹਿਲਾਂ ਮੁਹਾਲੀ ਦੇ ਵਿੱਚ ਸਫ਼ਲਤਾ ਪੂਰਵਕ ਕੀਤਾ ਜਾ ਚੁੱਕਾ ਹੈ। ਕਵਾਂਚੋ ਇੰਜੀਨੀਅਰ ਨਾਂ ਦੀ ਸਮਾਜ ਸੇਵੀ ਸੰਸਥਾ ਨੇ ਲੋਕਾਂ ਤੱਕ ਇਸ ਨੂੰ ਪਹੁੰਚਿਆ। ਹੁਣ ਲੁਧਿਆਣਾ ਦੀ ਸੁਖਮਨੀ ਇਨਕਲੇਵ ਦੇ ਵਿੱਚ 100 ਘਰ ਹਨ। ਜਿੱਥੇ ਹਰ ਘਰ 'ਚ 4 ਤੋਂ 5 ਪੁਰਜੇ ਲਾਉਣ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨੂੰ ਅਸਾਨੀ ਨਾਲ ਖੁਦ ਵੀ ਲਗਾਇਆ ਜਾ ਸਕਦਾ ਹੈ। ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਵੱਲੋਂ ਖੁਦ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇੱਕ ਘਰ 'ਤੇ 300 ਰੁਪਏ ਤੱਕ ਦਾ ਖਰਚਾ ਹੁੰਦਾ ਹੈ। ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਇਸ ਨੂੰ ਲਾਜ਼ਮੀ ਕਰ ਦਿੱਤਾ ਜਾਵੇਗਾ। ਜਿਸ ਨਾਲ ਸ਼ਹਰਾ ਅੰਦਰ ਲੱਖਾਂ ਲੀਟਰ ਪਾਣੀ ਦੀ ਬੱਚਤ ਹੋਵੇਗੀ।