ਲੁਧਿਆਣਾ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਇਸ ਲਈ ਲੋਕ ਸਰਕਾਰਾਂ ਦੇ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਵੀ ਕਸੂਰਵਾਰ ਮੰਨ ਰਹੇ ਹਨ ਪਰ ਇਸੇ ਨੂੰ ਲੈ ਕੇ ਲੁਧਿਆਣਾ ਦੇ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਆਪਣੀ ਸਫ਼ਾਈ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਨ੍ਹਾਂ ਵਿੱਚ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਸਗੋਂ ਨੁਕਸਾਨ ਹੀ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ 2017 ਤੋਂ ਉਨ੍ਹਾਂ ਦੇ ਕਮਿਸ਼ਨ ਦੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਜਦੋਂ ਕਿ ਕੇਂਦਰ ਸਰਕਾਰ ਲਗਾਤਾਰ ਟੈਕਸ ਵਧਾ ਰਹੀ ਹੈ ਅਤੇ ਸੂਬਾ ਸਰਕਾਰ ਨੂੰ ਵੈਟ ਵੱਧ ਮਿਲ ਰਿਹਾ ਹੈ। ਪੈਟਰੋਲ ਪੰਪ ਐਸੋਸੀਏਸ਼ਨ ਲੁਧਿਆਣਾ ਦੇ ਮੈਂਬਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਪੈਟਰੋਲ ਪੰਪ ਵੀ ਬੰਦ ਕਰਨੇ ਪੈਣਗੇ ਕਿਉਂਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਪੰਜਾਬ ਨਾਲੋਂ ਸਸਤਾ ਹੈ ਪਰ ਸੂਬਾ ਸਰਕਾਰ ਇਸ ਵਿਚ ਕੋਈ ਰਾਹਤ ਨਹੀਂ ਦੇ ਰਹੀ ਜਿਸ ਕਰਕੇ ਲੋਕ ਗੁਆਂਢੀ ਸੂਬਿਆਂ ਦੇ ਵਿਚੋਂ ਪੈਟਰੋਲ ਪਵਾਉਣਾ ਜ਼ਿਆਦਾ ਪਸੰਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸਦਾ ਨੁਕਸਾਨ ਪੈਟਰੋਲ ਪੰਪ ਡੀਲਰਾਂ ਨੂੰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਨੁਕਸਾਨ ਝੱਲ ਰਹੇ ਹਨ ਬੀਤੇ ਚਾਰ ਸਾਲਾਂ ਦੇ ਵਿੱਚ ਉਨ੍ਹਾਂ ਦੇ ਕਮਿਸ਼ਨ ‘ਚ ਕੋਈ ਵਾਧਾ ਨਹੀਂ ਹੋਇਆ ਸਗੋਂ ਜੋ ਪੈਟਰੋਲ ਦੀ ਗੱਡੀ ਪਹਿਲਾਂ ਅੱਠ ਲੱਖ ਦੀ ਆਉਂਦੀ ਸੀ ਹੁਣ ਗਿਆਰਾਂ ਲੱਖ ਦੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕਮਿਸ਼ਨ ਪੈਸਿਆਂ ‘ਤੇ ਨਹੀਂ ਸਗੋਂ ਲਿਟਰ ਦੇ ਹਿਸਾਬ ਨਾਲ ਮਿਲਦਾ ਹੈ।