ਲੁਧਿਆਣਾ: ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਵਧਦੇ ਮਿਆਰ ਨੂੰ ਲੁਧਿਆਣਾ ਦਾ ਮਲਟੀਪਰਪਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੂਬੀ ਦਰਸਾਉਂਦਾ ਹੈ। ਸਕੂਲ ਵਿੱਚ ਸਾਲ 2020-21 ਸੈਸ਼ਨ ਦੀ ਦਾਖ਼ਲਾ ਦਰ 84 ਫੀਸਦੀ ਵਧ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨਵਦੀਪ ਰੋਮਾਣਾ ਨੇ ਦੱਸਿਆ ਕਿ ਇਸ ਸਾਲ 1894 ਨਵੇਂ ਵਿਦਿਆਰਥੀਆਂ ਨੇ ਸਕੂਲ ਵਿੱਚ ਦਾਖ਼ਲਾ ਲਿਆ ਹੈ, ਜਿਨ੍ਹਾਂ ਵਿੱਚੋਂ 1580 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਆਏ ਹਨ ਅਤੇ 314 ਵਿਦਿਆਰਥੀ ਹੋਰ ਸਰਕਾਰੀ ਸਕੂਲਾਂ ਵਿੱਚੋਂ ਆਏ ਹਨ।
ਦਾਖ਼ਲਾ ਦਰ ਵਿੱਚ ਵਾਧਾ ਸਿੱਧੇ ਤੌਰ 'ਤੇ ਦਰਸਾਉਂਦਾ ਹੈ ਕਿ ਲੁਧਿਆਣਾ ਦੇ ਇਸ ਸਕੂਲ ਵਿੱਚ ਸਿੱਖਿਆ ਅਤੇ ਹੋਰ ਸਹੂਲਤਾਂ ਦਾ ਮਿਆਰ ਕਿੰਨਾ ਉੱਚਾ ਹੈ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਮੇਂ-ਸਮੇਂ 'ਤੇ ਸੈਰ-ਸਪਾਟੇ 'ਤੇ ਵੀ ਲਿਜਾਇਆ ਜਾਂਦਾ ਹੈ।
ਉਧਰ ਦੂਜੇ ਪਾਸੇ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੇ ਵਿੱਚ ਤਜ਼ਰਬੇਕਾਰ ਅਧਿਆਪਕ ਹਨ, ਚੰਗਾ ਮਾਹੌਲ ਹੈ ਅਤੇ ਪ੍ਰਾਈਵੇਟ ਸਕੂਲਾਂ ਨਾਲੋਂ ਫੀਸਾਂ ਵੀ ਬਹੁਤ ਘੱਟ ਹਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਾਓ।
ਪੰਜਾਬ ਬਜਟ ਵਿੱਚ ਸਿੱਖਿਆ ਖੇਤਰ ਦਾ ਹਿੱਸਾ
ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਸਾਲ 2020-21 ਦੇ ਸਲਾਨਾ ਬਜਟ ਵਿੱਚ ਵੀ ਕੈਪਟਨ ਸਰਕਾਰ ਵੱਲੋਂ ਵੱਡੀ ਰਕਮ ਸਿੱਖਿਆ ਖੇਤਰ ਲਈ ਰਾਖਵੀਂ ਰੱਖੀ ਸੀ। ਪੰਜਾਬ ਦਾ ਸਾਲ 2020-21 ਦਾ ਕੁੱਲ ਬਜਟ 1,54,805 ਕਰੋੜ ਸੀ, ਜਿਸ ਵਿੱਚੋਂ 12,488 ਕਰੋੜ ਰੁਪਏ ਸਿੱਖਿਆ ਬਜਟ ਲਈ ਰੱਖੇ ਗਏ ਸਨ ਅਤੇ ਸਮਾਰਟ ਸਕੂਲਾਂ ਲਈ 100 ਕਰੋੜ ਰੁਪਏ ਰੱਖੇ ਗਏ ਸਨ।
ਸਮਾਰਟ ਸਕੂਲ ਬਣਾਉਣ ਦਾ ਟੀਚਾ
ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਾਲ 2020-21 ਦੇ ਬਜਟ ਤੋਂ ਪਹਿਲਾਂ ਪੰਜਾਬ ਦੇ ਸਮਾਰਟ ਸਕੂਲਾਂ ਦੀ ਕੁੱਲ ਗਿਣਤੀ 3400 ਸੀ ਅਤੇ ਸਿੱਖਿਆ ਮੰਤਰੀ ਨੇ ਸੂਬੇ ਵਿੱਚ 19000 ਸਮਾਰਟ ਸਕੂਲਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਉੱਧਮ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਸੁਣੋ ਹਰ ਸਾਲ ਮੀਂਹ ਕਾਰਨ ਬਰਬਾਦ ਹੁੰਦੇ ਕਿਸਾਨਾਂ ਦੀ ਹੱਡਬੀਤੀ