ਲੁਧਿਆਣਾ: ਪੰਜਾਬ ਦੀਆਂ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਜਰਖੜ ਖੇਡਾਂ ਲੁਧਿਆਣਾ ਵਿਖੇ ਚੱਲ ਰਹੀਆਂ ਹਨ। ਉਤਰ ਭਾਰਤ ਤੋਂ ਲਗਭਗ ਸਾਰੀਆਂ ਹੀ ਖੇਡਾਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ ਹੈ। ਕਬੱਡੀ ਦੇ ਨਾਲ ਨਾਲ ਹਾਕੀ, ਕੁਸ਼ਤੀ ਅਤੇ ਹੋਰ ਖੇਡ ਮੁਕਾਬਲੇ ਵੱਡੇ ਪੱਧਰ ਉੱਤੇ ਚੱਲ ਰਹੇ ਹਨ। ਜਰਖੜ ਖੇਡਾਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ।
ਰਾਮ ਰਹੀਮ ਦੇ ਸਤਸੰਗ ਉੱਤੇ ਬੋਲੇ ਅਰੋੜਾ: ਅਮਨ ਅਰੋੜਾ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਲੈ ਕੇ ਕਿਹਾ ਕਿ ਸੂਬਿਆਂ ਦੇ ਨਾਲ ਵਿਤਕਰੇ ਵਾਲਾ ਬਜਟ ਨਹੀਂ ਹੋਣਾ ਚਾਹੀਦਾ ਸਗੋਂ ਇਸ ਵਿਚ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬਜਟ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਸੱਨਅਤ ਨੂੰ ਪ੍ਰਫੁਲਿਤ ਕਰਨ ਲਈ ਬਜਟ ਵਿੱਚ ਵੱਧ ਤੋਂ ਵੱਧ ਤਜਵੀਜਾਂ ਰੱਖੇਗੀ, ਇਸ ਦੌਰਾਨ ਉਨ੍ਹਾਂ ਰਾਮ ਰਹੀਮ ਵਲੋਂ ਬਠਿੰਡਾ ਵਿੱਚ ਕੀਤੇ ਜਾ ਰਹੇ ਸਤਸੰਗ ਉੱਤੇ ਕਿਹਾ ਕਿ ਇਸ ਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਵੇਖਣਾ ਚਾਈਦਾ ਜੇਕਰ ਉਨ੍ਹਾ ਸਤਸੰਗ ਦੀ ਮਨਜੂਰੀ ਲਈ ਹੈ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਸ ਦੌਰਾਨ ਉਨ੍ਹਾਂ ਸਾਬਕਾ ਵਿਧਾਇਕਾਂ ਵਲੋਂ ਵਰਤੇ ਜਾ ਰਹੇ ਐਮ ਐਲ ਏ ਦੇ ਸਟਿੱਕਰਾਂ ਵਾਲੀਆਂ ਗਡੀਆਂ ਨੂੰ ਲੈਕੇ ਵੀ ਬਿਆਨ ਦਿੱਤਾ ਅਤੇ ਕਿਹਾ ਕਿ ਅਸੀਂ ਇਸ ਉੱਤੇ ਉਨ੍ਹਾ ਨੂੰ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Firing in Talwandi Sabo: ਤਲਵੰਡੀ ਸਾਬੋ ਵਿੱਚ ਲੜਕੀ ਦੇ ਵਿਆਹ ਤੋਂ ਪੇਕੇ ਸੀ ਨਾਰਾਜ਼, ਅੱਧੀ ਰਾਤ ਨੂੰ ਕਰ ਦਿੱਤੀ ਘਰ ਆ ਕੇ ਫਾਇਰਿੰਗ
ਇਸ ਮੌਕੇ ਜਰਖੜ ਖੇਡਾਂ ਕਰਵਾਉਣ ਵਾਲੇ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਕਿਹਾ ਕਿ 6 ਕਰੋੜ ਦੀ ਲਾਗਤ ਨਾਲ ਇਹ ਸਟੇਡੀਅਮ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੂਰੇ ਉੱਤਰ ਭਾਰਤ ਦੀਆਂ ਟੀਮਾਂ ਜਿੰਨਾ ਵਿੱਚ ਅਜਿਹੇ ਖਿਡਾਰੀ ਵੀ ਸ਼ਾਮਿਲ ਹਨ ਜੋਕਿ ਭਾਰਤ ਦੀ ਟੀਮ ਵਿੱਚ ਖੇਡਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਸਰਕਾਰੀ ਮਦਦ ਲਏ ਬਗੈਰ 35 ਸਾਲ ਵਿਚ ਇਹ ਸਟੇਡੀਅਮ ਬਣਾਇਆ ਹੈ। ਉਨ੍ਹਾ ਕਿਹਾ ਕਿ ਪਿਛਲੀ ਕਿਸੀ ਸਰਕਾਰ ਨੇ ਅੱਜ ਤੱਕ ਕੋਈ ਮਦਦ ਨਹੀਂ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹਾਂ।