ਲੁਧਿਆਣਾ: ਪੰਜਾਬ ਵਿੱਚ ਵੱਡੀ ਤਾਦਾਦ ਵਿੱਚ ਪਰਵਾਸੀ ਮਜ਼ਦੂਰ ਰਹਿੰਦੇ ਹਨ ਜੋ ਲੌਕਡਾਊਨ ਦੌਰਾਨ ਫਸੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਜਾਣ ਲਈ ਕਾਹਲੇ ਹਨ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸੇ ਲਈ ਉੱਥੇ ਕਾਫੀ ਭੀੜ ਲੱਗੀ ਹੋਈ ਹੈ।
ਦਰਅਸਲ ਸਟੇਡੀਅਮ ਦੇ ਬਾਹਰ ਮਜ਼ਦੂਰਾਂ ਦੀ ਸਕ੍ਰੀਨਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਭੇਜਿਆ ਜਾਂਦਾ ਹੈ। ਇਸ ਦੌਰਾਨ ਸਮਾਜਿਕ ਦੂਰੀ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਜਾਂਦਾ। ਸਾਡੀ ਟੀਮ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ, ਜਿੱਥੇ ਪਰਵਾਸੀ ਮਜ਼ਦੂਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਮੁਸ਼ਕਿਲ ਹਾਲਾਤਾਂ ਦੇ ਵਿਚ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਕੋਲ ਖਾਣ ਨੂੰ ਰਾਸ਼ਨ ਨਹੀਂ, ਪੈਸੇ ਨਹੀਂ ਹਨ ਤੇ ਜਿਹੜੇ ਮਕਾਨਾਂ ਵਿੱਚ ਉਹ ਰਹਿੰਦੇ ਸਨ ਉਨ੍ਹਾਂ ਦੇ ਕਿਰਾਏ ਦੇਣ ਲਈ ਵੀ ਪੈਸੇ ਨਹੀਂ ਹਨ ਅਤੇ ਮਕਾਨ ਮਾਲਕਾਂ ਨੇ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਕਹਿ ਦਿੱਤਾ ਹੈ। ਇਸ ਕਾਰਨ ਹੁਣ ਨਾ ਉਹ ਆਪਣੇ ਘਰ ਵਾਪਸ ਜਾ ਪਾ ਰਹੇ ਹਨ ਅਤੇ ਨਾ ਹੀ ਆਪਣੇ ਕਿਰਾਏ ਦੇ ਮਕਾਨਾਂ ਵਿੱਚ ਰਹਿ ਸਕਦੇ ਹਨ। ਆਪਣੇ ਪਰਿਵਾਰਾਂ ਸਣੇ ਬੱਚਿਆਂ ਦੇ ਨਾਲ ਸਾਮਾਨ ਲੈ ਕੇ ਦੇਸ਼ ਦੇ ਮਜ਼ਦੂਰ ਸੜਕਾਂ ਉੱਤੇ ਹਨ ਅਤੇ ਆਪਣੇ ਘਰ ਜਾਣ ਲਈ ਹਰ ਹੀਲੇ ਕਰ ਰਹੇ ਹਨ।
ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਇਹ ਵੀ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਲੁਧਿਆਣਾ ਦੇ ਵਿੱਚ ਫੈਕਟਰੀਆਂ ਚਲਾਈਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਲੇਬਰ ਲਗਾਤਾਰ ਆਪਣੇ ਘਰ ਜਾਣ ਲਈ ਕਾਹਲੀ ਹੈ। ਲੇਬਰ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਫੈਕਟਰੀ ਨਹੀਂ ਖੁੱਲ੍ਹੀ ਅਤੇ ਉਹ ਕੰਮਕਾਰ ਤੋਂ ਸੱਖਣੇ ਹਨ।