ਲੁਧਿਆਣਾ: ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੀਆਂ ਸਟਾਫ ਨਰਸਾਂ ਅਤੇ ਬਾਕੀ ਅਮਲੇ ਨੇ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਵਿਰੁੱਧ ਧਰਨਾ ਦਿੱਤਾ ਹੈ। ਸਟਾਫ ਨਰਸਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਮੁੱਢਲੀ ਸੁਵਿਧਾ ਪੀਪੀਈ ਕਿਟਾਂ, ਦਸਤਾਨੇ ਆਦਿ ਕੁੱਝ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ 3 ਸਟਾਫ ਨਰਸਾਂ ਕਰੋਨਾ ਪੀੜਤ ਪਾਈਆਂ ਗਈਆਂ ਹਨ।
ਸਟਾਫ ਨੇ ਕੋਰੋਨਾ ਰਿਪੋਰਟ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟੈਸਟ ਲਈ ਭੇਜੇ ਗਏ ਸੈਂਪਲਾਂ ਦੀ ਪਿਪੋਰਟ ਲੰਮੇ ਸਮੇਂ ਬਾਅਦ ਆਉਂਦੀ ਹੈ ਜਿਸ ਕਾਰਨ ਖ਼ਤਰਾ ਹੋਰ ਵੱਧ ਜਾਂਦਾ ਹੈ। ਸਟਾਫ ਨਰਸਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੀੜਤ ਸਟਾਫ ਨਰਸਾਂ ਦੀ ਨੌ ਦਿਨਾਂ ਬਾਅਦ ਰਿਪੋਰਟ ਆਈ ਹੈ ਪਰ ਇਸ ਸਬੰਧੀ ਵੀ ਬਾਕੀ ਸਟਾਫ ਨੂੰ ਨਹੀਂ ਦੱਸਿਆ ਗਿਆ।
ਉਨ੍ਹਾਂ ਕਿਹਾ ਕਿ ਪੀੜਤ ਨਰਸਾਂ ਦੇ ਸੰਪਰਕ 'ਚ ਕਈ ਹੋਰ ਨਰਸਾਂ ਵੀ ਆਈਆਂ ਹਨ ਪਰ ਉਨ੍ਹਾਂ ਦੇ ਸੈਂਪਲ ਨੂੰ ਟੈਸਟ ਲਈ ਨਹੀਂ ਭੇਜਿਆ ਗਿਆ। ਨਰਸਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸੁਵਿਧਾ ਨਹੀਂ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਸਟਾਫ ਦੀ ਮੰਗ ਹੈ ਕਿ ਪ੍ਰਸਾਸ਼ਨ ਉਨ੍ਹਾਂ ਨੂੰ ਬਣਦੀ ਸੁਵਿਧਾ ਮੁੱਹਈਆ ਕਰਵਾਏ ਅਤੇ ਉਨ੍ਹਾਂ ਦੀ ਤਨਖ਼ਾਹ 'ਚ ਵਾਧਾ ਕੀਤਾ ਜਾਵੇ।
ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਕਨੂੰਨ ਨੂੰ ਧਿਆਨ 'ਚ ਰੱਖਦਿਆਂ ਧਰਨੇ ਨੂੰ ਸਾਂਤੀ ਪੂਰਵਕ ਸਫ਼ਲ ਬਣਾਉਣਾ ਹੈ।
ਜ਼ਿਕਰਯੋਗ ਹੈ ਕਿ ਸੂਬੇ 'ਚ ਕੋਰੋਨਾ ਮਹਾਂਮਾਰੀ ਦਿਨੋਂ ਦਿਨ ਫੈਲਦੀ ਜਾ ਰਹੀ ਹੈ। ਜਿਸ ਦੇ ਵਿਰੁੱਧ ਸਿਹਤ ਕਾਮੇ ਯੋਧੇ ਵਾਂਗ ਡਟ ਕੇ ਖੜ੍ਹੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ ਆਪਣੇ ਸਿਹਤ ਕਾਮਿਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ।