ਲੁਧਿਆਣਾ: ਢੰਡਾਰੀ ਦੇ ਐੱਸਜੀਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨਾਲ ਅਧਿਆਪਕਾਂ ਨੇ ਪੈਂਟ ਉਤਰਵਾ ਕੇ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੁਲਜ਼ਮ ਅਧਿਆਪਕਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ ਅਤੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਮ੍ਰਿਤਕ ਵਿਦਿਆਰਥੀ ਨੇ ਫਾਹਾ ਲੈਣ ਤੋਂ ਪਹਿਲਾਂ ਇਕ ਵੀਡੀਓ ਬਣਾਈ ਹੈ ਜਿਸ ਵਿੱਚ ਉਸ ਨੇ ਖੁਦਕੁਸ਼ੀ ਲਈ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਇਨਸਾਫ਼ ਦੀ ਮੰਗ ਕੀਤੀ ਹੈ ਉੱਥੇ ਹੀ ਦੱਸਿਆ ਕਿ ਸਕੂਲ ਵਿੱਚ ਸਿਰਫ਼ ਪੈਂਟ ਟਾਈਟ ਹੋਣ ਕਾਰਨ ਉਨ੍ਹਾਂ ਦੇ ਬੱਚੇ ਨਾਲ ਇੰਨੀ ਕੁੱਟਮਾਰ ਕੀਤੀ ਗਈ ਕਿ ਉਹ ਆਪਣੀ ਬੇਜ਼ਤੀ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਘਰ ਆ ਕੇ ਉਸ ਨੇ ਖੁਦਕੁਸ਼ੀ ਕਰ ਲਈ।
ਉੱਧਰ ਮ੍ਰਿਤਕ ਦੇ ਦੋਸਤਾਂ ਨੇ ਵੀ ਦੱਸਿਆ ਕਿ ਸਕੂਲ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪੜ੍ਹਾਈ ਦਾ ਦਬਾਅ ਪਾਉਣ ਲਈ ਅਕਸਰ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਉੱਤੇ ਦਬਾਅ ਪਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਮ੍ਰਿਤਕ ਹੋਣਹਾਰ ਵਿਦਿਆਰਥੀ ਸੀ। ਇਸ ਮਾਮਲੇ ਵਿੱਚ ਡਾਬਾ ਦੇ ਐਸਐਚਓ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ।