ਲੁਧਿਆਣਾ: ਵੈਲਫੇਅਰ ਐਸੋਸੀਏਸ਼ਨਾਂ ਨੇ ਸੋਮਵਾਰ ਨੂੰ ਇਕਜੁੱਟ ਹੋ ਕੇ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਜਿੰਮ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਬਿਜਲੀ ਦੇ ਬਿੱਲਾਂ ਨੂੰ ਮੁਆਫ਼ ਕੀਤਾ ਜਾਵੇ।
ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਿੰਮ ਐਸੋਸੀਏਸ਼ਨਾਂ ਦੇ ਕਾਰਕੁਨਾਂ ਨੇ ਕਿਹਾ ਕਿ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਲਗਭਗ ਸਾਰੇ ਕੰਮ ਖੋਲ੍ਹ ਦਿੱਤੇ ਗਏ ਹਨ ਪਰ ਜਿੰਮ ਖੋਲ੍ਹਣ ਦੀ ਹਾਲੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਦੌਰਾਨ ਕੌਮਾਂਤਰੀ ਗੋਲਡ ਮੈਡਲਿਸਟ ਅਵਤਾਰ ਸਿੰਘ ਲਲਤੋਂ ਨੇ ਕਿਹਾ ਕਿ ਜਦੋਂ ਸਾਰੇ ਧੰਦੇ ਖੋਲ੍ਹ ਦਿੱਤੇ ਗਏ ਹਨ ਤਾਂ ਜਿੰਮ ਕਿਉਂ ਨਹੀਂ ਖੋਲ੍ਹੇ ਜਾ ਰਹੇ। ਉਨ੍ਹਾਂ ਕਿਹਾ ਕਿ ਬੀਤੇ ਦੋ ਮਹੀਨਿਆਂ ਤੋਂ ਜਿੰਮ ਬੰਦ ਹਨ ਪਰ ਉਨ੍ਹਾਂ ਨੂੰ ਜਿੰਮ ਦਾ ਕਿਰਾਇਆ ਅਤੇ ਬਿਜਲੀ ਦੇ ਬਿੱਲ ਸਾਰੇ ਭੁਗਤਾਨ ਕਰਨੇ ਪੈ ਰਹੇ ਹਨ। ਸਰਕਾਰ ਨੂੰ ਇਹ ਮੁਆਫ਼ ਕਰਨੇ ਚਾਹੀਦੇ ਹਨ।
ਉਧਰ ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਸੰਜੇ ਤਲਵਾੜ ਨੇ ਵੀ ਕਿਹਾ ਕਿ ਜਿੰਮ ਐਸੋਸੀਏਸ਼ਨਾਂ ਦੀਆਂ ਮੰਗਾਂ ਵਾਜ਼ਿਬ ਹਨ। ਉਨ੍ਹਾਂ ਕਿਹਾ ਕਿ ਫੈਸਲੇ ਕੇਂਦਰ ਸਰਕਾਰ ਲੈਂਦੀ ਹੈ, ਜਿਨ੍ਹਾਂ ਨੂੰ ਸੂਬਾ ਸਰਕਾਰ ਸਿਰਫ਼ ਲਾਗੂ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਉਨ੍ਹਾਂ ਨੂੰ ਜਾਣਕਾਰੀ ਹੈ 8 ਤਰੀਕ ਤੋਂ ਜਿੰਮ ਖੁੱਲ੍ਹ ਜਾਣਗੇ।
ਇਹ ਵੀ ਪੜੋ: ਅਧਿਆਪਕਾਂ, ਸਰਪੰਚਾਂ ਤੇ ਕੌਂਸਲਰਾਂ ਨੇ ਆਪਣੇ ਬੱਚਿਆਂ ਦਾ ਸਰਕਾਰੀ ਸਕੂਲ 'ਚ ਕਰਾਇਆ ਦਾਖ਼ਲਾ
ਉਨ੍ਹਾਂ ਕਿਹਾ ਕਿ ਉਹ ਜਿੰਮ ਐਸੋਸੀਏਸ਼ਨਾਂ ਦੇ ਨਾਲ ਹਨ ਕਿਉਂਕਿ ਜਿੱਥੇ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਜਾਂਦਾ ਹੈ ਉੱਥੇ ਹੀ ਇਹ ਲੋਕ ਹੀ ਹਨ ਜੋ ਨੌਜਵਾਨਾਂ ਨੂੰ ਨਸ਼ੇ ਤਿਆਗਣ ਲਈ ਪ੍ਰੇਰਿਤ ਕਰਦੇ ਹਨ।