ਲੁਧਿਆਣਾ: ਕਾਰਪੋਰੇਸ਼ਨ ਟਰੱਕ ਦੇ ਥੱਲੇ ਆ ਕੇ ਇੱਕ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ 'ਤੇ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ। ਮ੍ਰਿਤਕ ਕੁੜੀ ਆਪਣੇ ਮਾਂ-ਪਿਉ ਦੀ ਇਕਲੌਤੀ ਸੀ।
ਮ੍ਰਿਤਕ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਡਾਂਸ ਟੀਚਰ ਸੀ ਅਤੇ ਕੁੱਝ ਦਿਨ ਪਹਿਲਾ ਹੀ ਉਸਨੇ ਆਈਲੈਟਸ ਦੀ ਕੋਚਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਲੜਕੀ ਆਈਲੈਟਸ ਦੀ ਕਲਾਸ ਲਗਾ ਕੇ ਘਰ ਆ ਰਹੀ ਸੀ ਤਾਂ ਰਸਤੇ ਵਿੱਚ ਦੁਰਘਟਨਾ ਕਾਰਨ ਉਸ ਦੀ ਮੌਤ ਹੋ ਗਈ।
ਇਸ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਲਾਪਰਵਾਹੀ ਕਾਰਨ ਇਹ ਦੁਰਘਟਨਾ ਹੋਈ ਹੈ। ਟਰੱਕ ਚਾਲਕ ਨੇ ਬਿਨ੍ਹਾਂ ਦੇਖੇ ਟਰੱਕ ਸੜਕ 'ਤੇ ਚੜ੍ਹਾ ਲਿਆ, ਜਿਸ ਕਾਰਨ ਸਕੂਟਰੀ ਸਵਾਰ ਕੁੜੀ ਟਰੱਕ ਦੇ ਟਾਇਰ ਹੇਠਾਂ ਆ ਗਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਦੁਰਘਟਨਾ ਬਾਅਦ ਮੌਕੇ ਤੋਂ ਫ਼ਰਾਰ ਹੋਗਿਆ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਅਸੀਂ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਮੌਕੇ 'ਤੇ ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਬਣਦੀ ਕਰਵਾਈ ਕੀਤੀ ਜਾਵੇਗੀ।