ਲੁਧਿਆਣਾ: ਆਟੋ ਚਾਲਕਾਂ ਨੇ ਸ਼ਹਿਰ ਦੇ ਬੱਸ ਸਟੈਂਡ ਨੇੜੇ ਚੱਕਾ ਜਾਮ ਕੀਤਾ ਹੋਇਆ ਹੈ। ਇਸ ਦੌਰਾਨ ਆਟੋ ਚਾਲਕਾਂ ਨੇ ਪੁਲਿਸ ਵਿਰੁੱਧ ਜਮ ਕੇ ਆਪਣੀ ਭੜਾਸ ਕੱਢੀ। ਆਟੋ ਚਾਲਕਾਂ ਨੇ ਪੁਲਿਸ 'ਤੇ ਇਲਜ਼ਾਮ ਲਾਏ ਹਨ ਕਿ ਉਹ ਬੇਵਜਾਹ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਪੁਲਿਸ ਚੱਲਦੇ ਆਟੋ ਨੂੰ ਰੋਕ ਕੇ ਉਨ੍ਹਾਂ ਦਾ ਚਲਾਨ ਕੱਟ ਦਿੰਦੀ ਹੈ। ਆਟੋਂ ਚਾਲਕਾਂ ਨੇ ਦੱਸਿਆ ਕਿ ਬਿਨ੍ਹਾਂ ਕਿਸੇ ਕਾਰਨ ਉਨ੍ਹਾਂ ਨੂੰ ਰੋਕ ਕੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ।
ਆਟੋ ਚਾਲਕਾਂ ਨੇ ਕਿਹਾ ਕਿ ਪੁਲਿਸ ਦਾ ਧੱਕਾ ਉਹ ਨਹੀਂ ਚੱਲਣ ਦੇਣਗੇ ਜਦੋਂ ਕਿ ਪੁਲਿਸ ਦਾ ਪੱਖ ਹੈ ਕਿ ਉਹ ਸਿਰਫ਼ ਜਾਮ ਖੁਲਵਾਉਣ ਲਈ ਉਨ੍ਹਾਂ ਨੂੰ ਉੱਥੋਂ ਖਦੇੜ ਰਹੇ ਸਨ। ਆਟੋ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਵੀ ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹਨ।
ਉਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਚਾਂਦ ਅਖ਼ਤਰ ਨੇ ਕਿਹਾ ਹੈ ਕਿ ਬੱਸ ਸਟੈਂਡ ਦੇ ਪੁਲ ਹੇਠ ਵੱਡਾ ਜਾਮ ਲੱਗਣ ਕਾਰਨ ਇਨ੍ਹਾਂ ਨੂੰ ਮੌਕੇ 'ਤੇ ਆ ਕੇ ਜਾਮ ਖੁੱਲ੍ਹਵਾਉਣ ਲਈ ਸਿਰਫ ਆਟੋ ਚਾਲਕਾਂ ਨੂੰ ਉੱਥੋਂ ਹਟਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਆਟੋ ਦਾ ਚਲਾਨ ਨਹੀਂ ਕੱਟਿਆ ਗਿਆ ਪਰ ਜੋ ਵੀ ਆਟੋ ਚਾਲਕਾਂ ਦੀ ਮੰਗ ਹੈ ਉਹ ਸੀਨੀਅਰ ਅਫਸਰਾਂ ਨੂੰ ਜਾ ਕੇ ਦੱਸ ਦੇਣ।