ਲੁਧਿਆਣਾ : ਸੋਸ਼ਲ ਮੀਡੀਆ 'ਤੇ ਇੰਨ੍ਹੀਂ ਦਿਨੀਂ ਕੰਧ 'ਤੇ ਲਿੱਖੀ ਇੱਕ ਸੂਚਨਾ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਥਾਂ 'ਤੇ ਇੱਕ ਨੋਟਿਸ ਵੀ ਲੱਗਿਆ ਹੋਇਆ ਹੈ। ਉਸ ਨੋਟਿਸ ਵਿੱਚ ਲਿਖਿਆ ਹੈ ਕਿ ਫੁੱਲ ਗੋਭੀ ਉੱਤੇ ਇੱਕ ਵਿਸ਼ੇਸ਼ ਕਿਸਮ ਦਾ ਕੈਮੀਕਲ ਛਿੜਕਾਅ ਕੀਤਾ ਜਾ ਰਿਹਾ ਹੈ ਜਿਸ ਨਾਲ ਗੋਭੀ ਕੁੱਝ ਹੀ ਦਿਨਾਂ 'ਚ ਵੱਡੀ ਹੋ ਜਾਂਦੀ ਹੈ ਪਰ ਇਹ ਜ਼ਹਿਰ ਇੰਨਾ ਹਾਨੀਕਾਰਕ ਹੈ ਕਿ ਲੋਕਾਂ ਨੂੰ ਕੈਂਸਰ ਹੋ ਰਿਹਾ ਹੈ, ਇੱਥੋਂ ਤੱਕ ਕਿ ਨੋਟਿਸ 'ਚ ਲਿਖਿਆ ਹੋਇਆ ਹੈ ਕਿ ਲੁਧਿਆਣਾ ਦੇ ਹਰ ਪਿੰਡ 'ਚ ਤੀਜੇ ਬੰਦੇ ਨੂੰ ਕੈਂਸਰ ਹੈ।
ਨੋਟਿਸ ਬਾਰੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਵੀ ਇਹੀ ਮੰਨਣਾ ਸੀ ਕਿ ਗੋਭੀ 'ਤੇ ਅਜਿਹੇ ਕੈਮੀਕਲ ਦਾ ਛਿੜਕਾਓ ਹੁੰਦਾ ਹੈ, ਜੋ ਬੇਹੱਦ ਜਾਨਲੇਵਾ ਹੈ ਅਤੇ ਇਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਫ਼ੈਲਦੀਆਂ ਹਨ।
ਉੱਥੇ ਹੀ ਦੂਜੇ ਪਾਸੇ ਜਦੋਂ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸੂਚਨਾ ਪੰਜਾਬ ਦੀ ਨਹੀਂ ਹੋ ਸਕਦਾ ਕਿਉਂਕਿ ਇਸ 'ਤੇ ਹਿੰਦੀ ਵਿੱਚ ਲਿਖਿਆ ਹੋਇਆ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਿੱਚ ਦਿੱਤੇ ਗਏ ਜੋ ਕੈਂਸਰ ਦੇ ਅੰਕੜੇ ਹਨ, ਉਹ ਸਰਾਸਰ ਗ਼ਲਤ ਹਨ। ਉਨ੍ਹਾਂ ਇਸ ਸੂਚਨਾ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਕਿਹਾ ਕਿ ਪੰਜਾਬ 'ਚ ਕੈਂਸਰ ਸਬੰਧਿਤ ਸਰਵੇ ਹੁੰਦੇ ਰਹਿੰਦੇ ਹਨ ਪਰ ਇਸ ਪੱਤਰ ਵਿੱਚ ਕੋਈ ਵੀ ਅਜਿਹੀ ਸੱਚਾਈ ਨਹੀਂ ਹੈ ਅਤੇ ਨਾ ਹੀ ਲੁਧਿਆਣਾ ਦੇ ਕਿਸੇ ਪਿੰਡ ਦਾ ਨਾਂਅ ਇਸ 'ਤੇ ਲਿਖਿਆ ਹੋਇਆ ਹੈ।