ਲੁਧਿਆਣਾ: ਹੈਬੋਵਾਲ ਪੁਲਿਸ ਸਟੇਸ਼ਨ ਵਿੱਚ ਦੋ ਵਕੀਲਾਂ ਦੇ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਅੱਜ ਵਕੀਲਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਕੀਲਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਵਕੀਲਾਂ ਨੇ ਪੁਲਿਸ ਕਮਿਸ਼ਨਰ ਤੋਂ ਮੁਲਜ਼ਮ ਐਸਐਚਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਸਪੈਂਡ ਕਰਨ ਨਾਲ ਕੋਈ ਕਾਰਵਾਈ ਨਹੀਂ ਹੁੰਦੀ, ਪੁਲਿਸ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ 'ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਚੁੱਪ ਨਹੀਂ ਬੈਠਣਗੇ।
ਪ੍ਰਦਰਸ਼ਨ ਕਰ ਰਹੇ ਵਕੀਲਾਂ ਦੇ ਸਾਥੀ ਨੇ ਦੱਸਿਆ ਕਿ ਹੈਬੋਵਾਲ ਦੇ ਵਿੱਚ ਬੀਤੇ ਦਿਨੀਂ ਦੀਵਾਲੀ ਵਾਲੇ ਦਿਨ ਮੁਹੱਲੇ ਵਿੱਚ ਹੋਏ ਝਗੜੇ ਦੇ ਮਾਮਲੇ 'ਚ ਬਿਆਨ ਦਰਜ ਕਰਵਾਉਣ ਲਈ 2 ਵਕੀਲ ਪੁਲਿਸ ਸਟੇਸ਼ਨ ਗਏ ਸਨ ਅਤੇ ਜਿੱਥੇ ਐਸਐਚਓ ਨਸ਼ੇ ਵਿੱਚ ਧੁੱਤ ਸੀ ਅਤੇ ਆਪਣੀ ਨਾਕਾਮੀਆਂ ਲੁਕਾਉਣ ਲਈ ਉਸ ਨੇ ਵਕੀਲਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਉਲਟ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹ ਐਸਐਚਓ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਨੇ।