ਲੁਧਿਆਣਾ: ਮੋਗਾ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਖਾਲਿਸਤਾਨੀ ਝੰਡਾ ਲਹਿਰਾਉਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਮੁੱਲਾਂਪੁਰ ਵਿਖੇ ਇੱਕ ਨੀਂਹ ਪੱਥਰ ਤੋੜਿਆ ਗਿਆ ਹੈ। ਪਿੰਡ ਮੁਡਿਆਣੀ ਵਿਖੇ ਸਥਿਤ ਇਹ ਨੀਂਹ ਪੱਥਰ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਰੱਖਿਆ ਸੀ। ਨੀਂਹ ਪੱਥਰ ਤੋੜੇ ਜਾਣ ਦੀ ਘਟਨਾ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਘਟਨਾ ਬਾਰੇ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਨੇ ਕਿਹਾ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਇਕ ਖਾਲਿਸਤਾਨੀ ਸਮਰਥਕ ਜਸਵਿੰਦਰ ਸਿੰਘ ਜੱਸਾ ਨੇ ਦੂਜੀ ਵਾਰ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾਂ ਪੰਚਾਇਤ ਘਰ ਨੇੜੇ ਵੀ ਇੱਕ ਨੀਂਹ ਪੱਥਰ ਤੋੜਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁੱਧ ਖਾਲਿਸਤਾਨੀ ਐਕਟ ਲੱਗਣਾ ਚਾਹੀਦਾ ਹੈ, ਕਿਉਂਕਿ ਪਿੰਡ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।
ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ 'ਤੇ ਜਾਂਦੇ ਵਿਖਾਈ ਦੇ ਰਹੇ ਹਨ।
ਜ਼ਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਸ਼ਖਸ ਨੇ ਰਵਨੀਤ ਬਿੱਟੂ ਦਾ ਨਾਂਅ ਲੈ ਕੇ ਨੀਂਹ ਪੱਥਰ ਤੋੜਿਆ ਸੀ ਅਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ ਸਨ।
ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਇਸ ਸਬੰਧੀ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਘਟਨਾ ਲਈ ਐਸ.ਜੀ.ਪੀ.ਸੀ. ਦੇ ਜਥੇਦਾਰ ਅਤੇ ਗੁਰਪਤਵੰਤ ਪਨੂੰ ਦੇ ਦਿੱਤੇ ਬਿਆਨ ਨੂੰ ਖਾਲਿਸਤਾਨੀ ਸਮਰਥਨ 'ਚ ਦਿੱਤਾ ਦੱਸਿਆ। ਉਨ੍ਹਾਂ ਟਵੀਟ ਵਿੱਚ ਇਨ੍ਹਾਂ ਬਿਆਨਾਂ ਨੂੰ ਹੀ ਹਮਲੇ ਲਈ ਜ਼ਿੰਮੇਵਾਰ ਦੱਸਿਆ ਹੈ।