ਲੁਧਿਆਣਾ: ਲੁਧਿਆਣਾ ਪਹੁੰਚੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਬੀਤੇ ਦਿਨੀਂ ਕਿਸੇ ਵਿਅਕਤੀ ਵੱਲੋਂ ਬਕਾਇਦਾ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਧਮਕੀ ਭਰਿਆ ਇੱਕ ਪੱਤਰ ਭੇਜਿਆ ਗਿਆ ਹੈ। ਇਸ ਵਿਚ ਉਸ ਨੇ ਲਿਖਿਆ ਹੈ ਕੇ ਮੈਨੂੰ ਤੁਰੰਤ 50 ਕਰੋੜ ਰੁਪਏ ਦਿੱਤੇ ਜਾਣ ਨਹੀਂ ਤਾਂ ਉਹ ਪਟਨਾ ਸਾਹਿਬ ਦੇ ਪ੍ਰਬੰਧਕਾਂ ਦਾ ਕਤਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਕਾਇਦਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਗਿਆਨੀ ਰਣਜੀਤ ਸਿੰਘ ਜੀ ਨੇ ਕਿਹਾ ਕਿ ਅੱਜ ਤੱਕ ਅਜਿਹੀ ਘਟਨਾ ਕਦੇ ਨਹੀਂ ਵਾਪਰੀ, ਉਨ੍ਹਾਂ ਕਿਹਾ ਕਿ ਇਸ ਦੀਆਂ ਜੜ੍ਹਾਂ ਕਿਥੋਂ ਤੱਕ ਹੈ ਇਸ ਦੀ ਜਾਂਚ ਜ਼ਰੂਰੀ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਉਹ ਖੁੱਲਾ ਸੱਦਾ ਦਿੰਦੇ ਹਨ ਕਿ ਜੋ ਵੀ ਪਟਨਾ ਸਾਹਿਬ 'ਤੇ ਮਾੜੀ ਅੱਖ ਰੱਖਦਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸਾਡਾ ਸੁਭਾਅ ਹਲੀਮੀ ਵਾਲਾ ਹੈ, ਪਰ ਜੇਕਰ ਲੋੜ ਪਈ ਤਾਂ ਆਪਣੀ ਸੁਰੱਖਿਆ ਲਈ ਸਿੰਘ ਸ੍ਰੀ ਸਾਹਿਬ ਦੀ ਵਰਤੋਂ ਕਰਨ ਤੋਂ ਪਿਛੇ ਨਹੀਂ ਹਟਣਗੇ। ਉਨ੍ਹਾਂ ਨੇ ਕਿਹਾ ਕਿ ਮਾਮਲਾ ਸਰਕਾਰਾਂ ਦੇ ਧਿਆਨ ਹਿੱਤ ਹੈ ਅਤੇ ਬੇਹੱਦ ਮੰਦਭਾਗੀ ਘਟਨਾ ਹੈ, ਕਿ ਕਿਸੇ ਵੱਲੋਂ ਸਿੱਧੇ ਤੌਰ 'ਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਭਰੋਸਾ ਦੇ ਕੇ ਚਲੀ ਗਈ ਪਰ ਹਾਲੇ ਤੱਕ ਉਸ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਕਿ ਉਸ ਨੇ ਪੱਤਰ 'ਚ ਆਪਣਾ ਮੋਬਾਈਲ ਨੰਬਰ ਨਾਮ ਅਤੇ ਪਤਾ ਵੀ ਲਿਖਿਆ ਸੀ। ਜਥੇਦਾਰ ਨੇ ਕਿਹਾ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਕੋਈ ਸੁਰੱਖਿਆ ਹਾਲੇ ਤੱਕ ਨਹੀਂ ਦਿੱਤੀ ਗਈ ਅਤੇ ਸ਼ਾਇਦ ਸਰਕਾਰਾਂ ਚਾਹੁੰਦੀਆਂ ਹਨ ਕਿ ਜਦੋਂ ਤੱਕ ਕੋਈ ਭਾਣਾ ਨਹੀਂ ਵਰਤ ਜਾਂਦਾ ਉਦੋਂ ਤੱਕ ਕੋਈ ਕਦਮ ਨਹੀਂ ਚੁੱਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲੇ 'ਚ ਗੰਭੀਰਤਾ ਦਿਖਾਉਣ।
ਇਹ ਵੀ ਪੜ੍ਹੋ:ਕੈਪਟਨ ਨੇ ਆਕਸੀਜਨ ਦੇ 20 ਹੋਰ ਟੈਂਕਰਾਂ ਲਈ ਮੋਦੀ ਤੇ ਸ਼ਾਹ ਨੂੰ ਪੱਤਰ ਲਿਖਿਆ