ਲੁਧਿਆਣਾ: ਪੰਜਾਬ 'ਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ੁਮਾਰ ਸਨਅਤੀ ਸ਼ਹਿਰ ਲੁਧਿਆਣਾ ਦਾ ਨਾਂਅ ਸਭ ਤੋਂ ਉਪਰ ਆਉਂਦਾ ਹੈ ਪਰ ਬੀਤੇ ਕਈ ਮਹੀਨਿਆਂ ਤੋਂ ਲੌਕਡਾਊਨ ਦੌਰਾਨ ਲੁਧਿਆਣਾ ਦਾ ਏਅਰ ਕੁਆਲਟੀ ਇੰਡੈਕਸ ਕਾਫੀ ਹੇਠਾਂ ਡਿੱਗਿਆ ਹੈ।
ਪ੍ਰਦੂਸ਼ਨ ਦਾ ਪੱਧਰ ਘਟਿਆ
ਲੁਧਿਆਣਾ ਨੇ ਕੋਰੋਨਾ ਕਾਲ ਦੇ ਦੌਰਾਨ ਖੁੱਲ੍ਹੇ ਵਾਤਾਵਰਣ 'ਚ ਰੱਜ ਕੇ ਸਾਹ ਲਿਆ, ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮੁੜ ਤੋਂ ਸ਼ਨੀਵਾਰ, ਐਤਵਾਰ ਦਾ ਲੌਕਡਾਊਨ ਲਾਇਆ ਗਿਆ ਹੈ। ਇਸ ਤੋਂ ਬਾਅਦ ਟਰੈਫਿਕ ਘਟਣ ਅਤੇ ਫੈਕਟਰੀਆਂ ਦੇ ਵਿੱਚ 50 ਫ਼ੀਸਦੀ ਕੰਮ ਹੋਣ ਕਾਰਨ ਕਾਫੀ ਪ੍ਰਦੂਸ਼ਨ ਦਾ ਪੱਧਰ ਘਟਿਆ ਹੈ।
ਮੌਜੂਦਾ ਹਾਲਾਤਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਬੀਤੇ 48 ਘੰਟਿਆਂ ਦੇ ਦੌਰਾਨ ਲੁਧਿਆਣੇ ਦਾ ਏਅਰ ਕੁਆਲਟੀ ਇੰਡੈਕਸ 50 ਤੋਂ ਹੇਠਾਂ ਰਿਹਾ ਹੈ।
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਅਪੀਲ
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੁੱਖ ਇੰਜੀਨੀਅਰ ਸੰਦੀਪ ਬਹਿਲ ਨੇ ਦੱਸਿਆ ਕਿ ਹਾਲਾਂਕਿ ਆਰਥਿਕ ਨਜ਼ਰੀਏ ਤੋਂ ਕੋਰੋਨਾ ਮਹਾਂਮਾਰੀ ਨਾਲ ਵਪਾਰ 'ਤੇ ਕਾਫੀ ਅਸਰ ਪਿਆ ਹੈ ਪਰ ਜੇਕਰ ਗੱਲ ਵਾਤਾਵਰਣ ਦੀ ਕੀਤੀ ਜਾਵੇ ਤਾਂ ਉਸ ਨੂੰ ਕਾਫੀ ਫਾਇਦਾ ਪਹੁੰਚਿਆ ਹੈ।
ਏਅਰ ਕੁਆਲਟੀ ਇੰਡੈਕਸ 'ਚ ਹੈਰਾਨੀਜਨਕ ਅੰਕੜੇ
ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਲੁਧਿਆਣਾ ਵਿਸ਼ਵ ਦੇ ਕਈ ਸ਼ਹਿਰਾਂ ਦੇ ਮੁਕਾਬਲੇ 3 ਦਿਨ ਤੱਕ ਸਭ ਤੋਂ ਸਾਫ ਸ਼ਹਿਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਅਰ ਕੁਆਲਟੀ ਇੰਡੈਕਸ 30-35 ਦੇ ਵਿਚਕਾਰ ਰਿਹਾ ਹੈ ਜੋ ਕਿ ਇੱਕ ਹੈਰਾਨੀਜਨਕ ਗੱਲ ਸੀ।
ਨਾਲ ਹੀ ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਫੈਕਟਰੀਆਂ ਅਤੇ ਆਮ ਲੋਕ ਵਾਤਾਵਰਣ ਨੂੰ ਸਾਫ ਰੱਖਣ ਲਈ ਆਪਣਾ ਪੂਰਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਚੌਗਿਰਦੇ ਨੂੰ ਸਾਫ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।