ਲੁਧਿਆਣਾ: ਪੰਜਾਬ ਦੇ ਕੁਝ ਇਲਾਕੇ ਵਿੱਚ ਕਣਕ ਦਾ ਰੰਗ ਪੀਲਾ ਪੈ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬੀਤੇ ਦਿਨੀਂ ਖੇਤੀ ਸੰਦੇਸ਼ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ ਇਸ ਸਬੰਧੀ ਅਗਾਹ ਵੀ ਕੀਤਾ ਗਿਆ। ਹਾਲਾਂਕਿ, ਕਣਕ ਪੀਲੀ ਹੋਣ ਦਾ ਕਾਰਨ ਪੀਲੀ ਕੁੰਗੀ ਨੂੰ ਨਹੀਂ ਦੱਸਿਆ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਅਤੇ ਵਾਈਸ ਚਾਂਸਲਰ ਨੇ ਇਸ ਦਾ ਕਾਰਨ ਲੋੜ ਤੋਂ ਜਿਆਦਾ ਪਾਣੀ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਪੀਲੀ ਕੁੰਗੀ ਦਾ ਅਸਰ ਜਨਵਰੀ ਮਹੀਨੇ ਦੇ ਵਿੱਚ ਵੇਖਣ ਨੂੰ ਸ਼ੁਰੂ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋੜ ਤੋਂ ਜਿਆਦਾ ਪਾਣੀ ਪਾਉਣ ਦੇ ਨਾਲ ਕਣਕ ਦਾ ਪੱਤਾ ਪੀਲਾ ਹੋ ਜਾਂਦਾ ਹੈ ਜਿਸ ਕਰਕੇ ਕਿਸਾਨਾਂ ਨੂੰ ਇਹ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ, ਮਾਹਿਰ ਡਾਕਟਰਾਂ ਅਤੇ ਵਾਈਸ ਚਾਂਸਲਰ ਨੇ ਮੌਸਮ ਨੂੰ ਲੈ ਕੇ ਵੀ ਕਿਹਾ ਕਿ ਫਿਲਹਾਲ ਜੋ ਮੌਸਮ ਚੱਲ ਰਿਹਾ ਹੈ, ਉਹ ਕਣਕ ਲਈ ਕਾਫੀ ਅਨੁਕੂਲ ਹੈ, ਕਿਉਂਕਿ ਦਿਨ ਵਿੱਚ ਟੈਂਪਰੇਚਰ ਲਗਭਗ 20 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦਕਿ ਰਾਤ ਨੂੰ ਘੱਟੋ ਘੱਟ ਟੈਂਪਰੇਚਰ ਚਾਰ ਤੋਂ ਪੰਜ ਡਿਗਰੀ ਤੱਕ ਚਲਾ ਜਾਂਦਾ ਹੈ, ਜੋ ਕਿ ਕਣਕ ਦੀ ਫਸਲ ਲਈ ਕਾਫੀ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਕਣਕ 'ਤੇ ਹਮਲਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਿਲਹਾਲ ਬਹੁਤਾ ਰਕਬਾ ਇਸ ਤੋਂ ਪ੍ਰਭਾਵਿਤ ਨਹੀਂ ਹੋਇਆ ਹੈ। ਡਾਕਟਰ ਹਰੀ ਰਾਮ ਪ੍ਰਿੰਸੀਪਲ ਐਗਰੋਨੋਮੀਸਟੀਕ ਨੇ ਦੱਸਿਆ ਕਿ ਜਦੋਂ ਕਣਕ ਦੀ ਉਮਰ 30 ਤੋਂ 45 ਦਿਨ ਦੀ ਹੁੰਦੀ ਹੈ, ਉਸ ਵੇਲ੍ਹੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦਾ ਅਸਰ ਵੀ ਕੀਤੇ ਕੀਤੇ ਵਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀਲਾਪਨ ਭਾਰੀ ਜ਼ਮੀਨਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਪਾਣੀ ਜਿਆਦਾ ਖੜਾ ਹੁੰਦਾ ਹੈ ਅਤੇ ਜਿੱਥੇ ਕਿਸਾਨਾਂ ਨੇ ਕਦੁ ਕਰਕੇ ਝੋਨਾ ਲਾਇਆ ਸੀ, ਉਨ੍ਹਾਂ ਥਾਵਾਂ ਉੱਤੇ ਪੀਲਾਪਨ ਵੇਖਣ ਨੂੰ ਮਿਲਦਾ ਹੈ।
ਉੱਥੇ ਹੀ, ਡਾਕਟਰ ਬੇਅੰਤ ਸਿੰਘ ਮੁੱਖ ਕੀਟ ਵਿਗਿਆਨੀ ਨੇ ਕਿਹਾ ਕਿ ਮੁਕਤਸਰ ਦੇ ਇਲਾਕੇ ਵਿੱਚ ਵੀ ਸਰਵੇ ਕੀਤਾ ਹਨ ਅਤੇ ਇਹ ਗੁਲਾਬੀ ਸੁੰਡੀ ਦਾ ਅਸਰ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਝੋਨੇ ਦੀ ਲਵਾਈ ਵੇਲੇ ਹੀ ਕੰਟਰੋਲ ਕਰਨ ਦੀ ਲੋੜ ਹੈ, ਜਿੱਥੇ ਝੋਨੇ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਦਾ 5 ਫੀਸਦੀ ਤੋਂ ਜ਼ਿਆਦਾ ਅਸਰ ਵੇਖਣ ਨੂੰ ਮਿਲਦਾ ਹੈ, ਉਨ੍ਹਾਂ ਥਾਵਾਂ ਉੱਤੇ ਅਗੇਤੀ ਕਣਕ ਨਹੀਂ ਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕਿਸਾਨਾਂ ਨੂੰ ਇਸ ਦਾ ਸਰਵੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਿਫ਼ਾਰਿਸ਼ ਕੀਤੀਆਂ ਦਵਾਇਆ ਵਰਤ ਕੇ ਫਸਲ ਬਚਾ ਸਕਦੇ ਹਨ।
ਕਿਵੇਂ ਕਰੀਏ ਗੁਲਾਬੀ ਸੁੰਡੀ ਤੋਂ ਬਚਾਅ: ਮਾਹਿਰ ਡਾਕਟਰ ਨੇ ਕਿਹਾ ਕਿ ਗੁਲਾਬੀ ਸੁੰਡੀ ਤੋਂ ਬਚਣ ਲਈ ਸਾਨੂੰ ਦਿਨ ਵਿੱਚ ਪਾਣੀ ਲਾਉਣ ਦੀ ਲੋੜ ਹੈ। ਉੱਥੇ ਹੀ ਬਗਲੇ ਪੰਛੀ ਆਦਿ ਖੁਦ ਹੀ, ਇਨ੍ਹਾਂ ਨੂੰ ਖ਼ਤਮ ਕਰ ਦਿੰਦੇ ਹਨ। ਜੇਕਰ ਜਿਆਦਾ ਹੈ, ਤਾਂ ਯੂਨੀਵਰਸਿਟੀ ਵਲੋਂ ਸਿਫ਼ਾਰਿਸ਼ ਕੀਟ ਨਾਸ਼ਕ ਕਲੋਰ ਪ੍ਰੈਰੀਫਾਸਟ 1 ਕਿਲੋ ਦਵਾਈ, 20 ਕਿਲੋ ਸਲਾਬੀ ਮਿੱਟੀ ਵਿੱਚ ਪਾ ਕੇ ਪਾਣੀ ਲਾਉਣ ਤੋਂ ਪਹਿਲਾਂ ਇਸ ਦਾ ਛਿੜਕਾਅ ਕਰਨ ਦੀ ਲੋੜ ਹੈ। ਉਸ ਤੋਂ ਇਲਾਵਾ ਫਿਪਰੋਨਿਲ ਪੁਆਇੰਟ 3 ਦਵਾਈ ਦਾਣੇਦਾਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। 7 ਕਿਲੋ ਦਵਾਈ 20 ਕਿਲੋ ਸਲਾਬੀ ਮਿੱਟੀ ਚ ਮਿਲਾ ਕੇ ਲਾਉਣੀ ਹੈ। ਜੇਕਰ ਕਿਸਾਨ ਨੇ ਪਹਿਲਾਂ ਹੀ ਪਾਣੀ ਲਗਾ ਦਿੱਤਾ ਹੈ, ਤਾਂ ਉਸ ਨੂੰ ਦੁਬਾਰਾ ਪਾਣੀ ਲਾਉਣ ਦੀ ਲੋੜ ਨਹੀਂ ਹੈ। ਮਾਹਿਰ ਡਾਕਟਰ ਨੇ ਕਿਹਾ ਹੈ ਕਿ ਉਸ ਕਿਸਾਨ ਨੂੰ ਫਿਰ ਕੌਰਾਜਿਨ 50 ਐਮ ਐਲ ਪਾਣੀ 80 ਤੋਂ 100 ਲੀਟਰ ਪਾਣੀ ਵਿੱਚ ਮਿਲਾ ਕੇ ਪਾਉਣੀ ਚਾਹੀਦੀ ਹੈ।
ਕਿਵੇਂ ਕਰੀਏ ਪੀਲੇਪਨ ਤੋਂ ਬਚਾਅ: ਕਣਕ ਨੂੰ ਪੀਲੇਪਨ ਤੋਂ ਬਚਾਉਣ ਲਈ ਮਾਹਿਰ ਡਾਕਟਰ ਦੱਸਿਆ ਕਿ ਸਾਨੂੰ ਇਸ ਸਬੰਧੀ ਸੱਬਲ ਹੱਲ ਜਾਂ ਫਿਰ ਚੂਹਾ ਹੱਲ ਜਿਸ ਨੂੰ ਕਹਿੰਦੇ ਹਨ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਫਸਲ ਛੋਟੀ ਹੈ, ਤਾਂ ਇਸ ਤੋਂ ਬਚਣ ਲਈ 3 ਕਿਲੋ ਯੂਰੀਆ 100 ਲੀਟਰ ਪਾਣੀ ਵਿੱਚ ਮਿਲਾ ਕੇ ਪਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਕਿਆਰੇ ਘੱਟ ਪਾਉਂਦੇ ਹਨ। ਕਿਸਾਨ ਕਣਕ ਨੂੰ ਵੀ ਝੋਨੇ ਜਿੰਨਾਂ ਪਾਣੀ ਲਾ ਦਿੰਦੇ ਹਨ, ਇਸ ਤੋਂ ਬਚਣ ਲਈ ਪਾਣੀ ਲੋੜ ਮੁਤਾਬਿਕ ਅਤੇ ਨਾਲ ਹੀ, ਕਿਸਾਨਾਂ ਨੂੰ ਛੋਟੇ ਕਿਆਰੇ ਬਣਾ ਕੇ ਪਾਣੀ ਲਾਉਣਾ ਚਾਹੀਦਾ ਹੈ ਜਿਸ ਨਾਲ ਪਾਣੀ ਕਣਕ ਅੰਦਰ ਤੱਕ ਜਾਵੇਗਾ ਅਤੇ ਪੀਲੇਪਨ ਤੋਂ ਕਿਸਾਨ ਨੂੰ ਛੁਟਕਾਰਾ ਮਿਲੇਗਾ।
ਪੀਲੀ ਕੁੰਗੀ ਦਾ ਫਿਲਹਾਲ ਨਹੀਂ ਖ਼ਤਰਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰਾਂ ਨੂੰ ਮੰਨਣਾ ਹੈ ਕਿ ਫਿਲਹਾਲ ਪੀਲੀ ਕੁੰਗੀ ਦਾ ਕੋਈ ਅਸਰ ਨਹੀਂ ਹੈ। ਉਸ ਦਾ ਅਸਰ ਜਨਵਰੀ ਮਹੀਨੇ ਵਿੱਚ ਖਾਸ ਕਰਕੇ ਨੀਮ ਪਹਾੜੀ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਵੇਖਣ ਨੂੰ ਮਿਲਦਾ ਹੈ। ਰੋਪੜ, ਆਨੰਦਪੁਰ ਸਾਹਿਬ ਉਸ ਤੋਂ ਬਾਅਦ ਪਠਾਨਕੋਟ ਆਦਿ ਜ਼ਿਲ੍ਹਿਆਂ ਵਿੱਚ ਇਸ ਦਾ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਰਵੇ ਦੌਰਾਨ ਪੀਲੀ ਕੁੰਗੀ ਦਾ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ। ਕਣਕ ਜਿੱਥੇ ਪੀਲੀ ਹੋ ਰਹੀ ਹੈ, ਉਸ ਦਾ ਕਾਰਨ ਕੋਈ ਹੋਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਤੇ ਕਿਤੇ ਗੁਲਾਬੀ ਸੁੰਡੀ ਦਾ ਵੀ ਅਸਰ ਜ਼ਰੂਰ ਹੋ ਰਿਹਾ। ਕਿਸਾਨਾਂ ਨੂੰ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਹਾਲਾਂਕਿ ਜਿੱਥੇ ਕਣਕ ਪੀਲੀ ਹੋ ਰਹੀ ਹੈ, ਫਿਲਹਾਲ ਮੌਸਮ ਅੱਗੇ ਜਾ ਕੇ ਠੰਡਾ ਹੋਵੇਗਾ ਜਿਸ ਨਾਲ ਜਿੱਥੇ ਇੱਕ ਪਾਸੇ ਗੁਲਾਬੀ ਸੁੰਡੀ ਵੀ ਡੂੰਘੀ ਨੀਂਦ ਸੋ ਜਾਵੇਗੀ ਅਤੇ ਕਣਕ ਦਾ ਨੁਕਸਾਨ ਨਹੀਂ ਕਰੇਗੀ, ਉੱਥੇ ਹੀ ਪੀਲਾਪਣ ਵੀ ਕਣਕ ਦੀ ਫਸਲ ਤੋਂ ਦੂਰ ਹੋ ਜਾਵੇਗਾ।