ਲੁਧਿਆਣਾ: ਕੋਰੋਨਾ ਵਾਇਰਸ ਕਰਕੇ ਜਿੱਥੇ ਪੂਰੇ ਦੇਸ਼ ਦੇ ਡਾਕਟਰ ਹਸਪਤਾਲਾਂ ਵਿੱਚ ਡਿਊਟੀ ਦੇ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਓਸਵਾਲ ਹਸਪਤਾਲ ਵਿੱਚ ਇੱਕ ਵੱਖਰੀ ਤਸਵੀਰ ਵੇਖਣ ਨੂੰ ਮਿਲੀ। ਜਦੋਂ ਹਸਪਤਾਲ ਦੇ ਨਰਸ ਸਟਾਫ਼ ਅਤੇ ਡਾਕਟਰਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਵਿਰੁੱਧ ਜੰਮ ਕੇ ਹੰਗਾਮਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਤਨਖਾਹ ਵਿੱਚੋਂ ਕਟੌਤੀ ਕੀਤੀ ਗਈ ਹੈ ਜੋ ਉਹ ਬਰਦਾਸ਼ਤ ਨਹੀਂ ਕਰਨਗੇ, ਹਾਲਾਂਕਿ ਇਸ ਧਰਨੇ ਦੌਰਾਨ ਇਹ ਸਿਹਤ ਕਰਮਚਾਰੀ ਖ਼ੁਦ ਸਮਾਜਿਕ ਦੂਰੀ ਦਾ ਖਿਆਲ ਰੱਖਣਾ ਭੁੱਲ ਗਏ।
ਪ੍ਰਦਰਸ਼ਨ ਕਰ ਰਹੇ ਸਟਾਫ਼ ਨੇ ਦੱਸਿਆ ਕਿ ਅਪ੍ਰੈਲ ਵਿੱਚ ਉਨ੍ਹਾਂ ਦੀ ਤਨਖ਼ਾਹ ਵੱਧ ਕੇ ਆਉਂਦੀ ਹੈ ਪਰ ਇਸ ਮਹਾਂਮਾਰੀ ਕਰਕੇ ਤਨਖਾਹ ਤਾਂ ਨਹੀਂ ਵਧੀ ਪਰ ਜੋ ਤਨਖ਼ਾਹ ਪਾਈ ਗਈ ਹੈ ਉਹ ਵੀ ਕੱਟ ਦਿੱਤੀ ਗਈ। ਸਟਾਫ਼ ਨਰਸਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਪ੍ਰੇਸ਼ਾਨ ਹਨ ਕਿ ਉਨ੍ਹਾਂ ਦੀ ਤਨਖ਼ਾਹ ਬਹੁਤ ਘੱਟ ਹੈ।
ਨਰਸਾਂ ਨੇ ਦੱਸਿਆ ਕਿ 8000 ਰੁਪਏ ਮਹੀਨਾ ਤਨਖ਼ਾਹ 'ਤੇ ਉਹ ਕੰਮ ਕਰਦੇ ਹਨ, ਜਿਸ ਵਿੱਚੋਂ ਹਸਪਤਾਲ ਪ੍ਰਸ਼ਾਸਨ ਵੱਲੋਂ 3000 ਰੁਪਏ ਤਨਖ਼ਾਹ ਕੱਟ ਲਈ ਗਈ। ਨਰਸਾਂ ਅਤੇ ਡਾਕਟਰਾਂ ਨੇ ਕਿਹਾ ਕਿ ਉਹ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਦਿਨ ਰਾਤ ਡਿਊਟੀ ਨਿਭਾਅ ਰਹੇ ਹਨ। ਇਸ ਤਨਖ਼ਾਹ ਨਾਲ ਤਾਂ ਉਨ੍ਹਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ।
ਸਟਾਫ਼ ਦੇ ਇੱਕ ਹੋਰ ਮੈਂਬਰ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਅੱਗੇ ਕੁੱਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰ ਇਸ ਵੇਲੇ ਵੱਡੀ ਅਣਗਿਹਲੀ ਵੇਖਣ ਨੂੰ ਮਿਲੀ ਕਿ ਧਰਨੇ ਦੇ ਦੌਰਾਨ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਵਾਲ਼ਾ ਸਟਾਫ਼ ਆਪ ਹੀ ਸਮਾਜਿਕ ਦੂਰੀ ਭੁੱਲ ਗਏ।