ਲੁਧਿਆਣਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਲੁਧਿਆਣਾ ਦੇ ਲਾਡੋਵਾਲ ਸਥਿਤ ਫੂਡ ਪਾਰਕ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਵੱਲੋਂ ਫੂਡ ਪਾਰਕ ਦੇ ਵਿੱਚ ਨਵੇਂ ਲੱਗਣ ਵਾਲੇ ਦੋ ਯੂਨਿਟਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ, ਉੱਥੇ ਹੀ ਕਰਤਾਰਪੁਰ ਸਾਹਿਬ ਤੇ ਡੀਜੀਪੀ ਪੰਜਾਬ ਵੱਲੋਂ ਦਿੱਤੇ ਗਏ ਬਿਆਨ ਦੀ ਵੀ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੁਧਿਆਣਾ ਦੇ ਲਾਡੋਵਾਲ ਸਥਿਤ ਕਰੋੜਾਂ ਰੁਪਏ ਖ਼ਰਚ ਕੇ ਜੋ ਫੂਡ ਪਾਰਕ ਬਣਾਇਆ ਗਿਆ ਹੈ, ਪੰਜਾਬ ਸਰਕਾਰ ਉਸ ਦਾ ਫ਼ਾਇਦਾ ਲੈਣ 'ਚ ਨਾਕਾਮ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਇੱਥੇ ਆਉਣ ਤੋਂ ਕਤਰਾ ਰਹੀਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ ਤੇ ਆੜ੍ਹਤੀਆਂ ਦਾ ਮੋਦੀ ਸਰਕਾਰ ਵਿਰੁੱਧ ਧਰਨਾ, ਕੁਰਾਲੀ-ਖਰੜ ਰੋਡ ਕੀਤਾ ਜਾਮ
ਬਾਦਲ ਨੇ ਕਿਹਾ ਕਿ ਜੋ ਕੰਮ ਕੁਝ ਮਹੀਨਿਆਂ 'ਚ ਹੋ ਜਾਣਾ ਚਾਹੀਦਾ ਸੀ, ਸਰਕਾਰ ਨੇ ਉਸ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਢਿੱਲੇ ਰਵੱਈਏ ਕਾਰਨ ਇਹ ਸਭ ਹੋ ਰਿਹਾ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਫੂਡ ਪਾਰਕ ਦੇ ਵਿੱਚ ਦੋ ਨਵੇਂ ਯੂਨਿਟ ਦਾ ਉਦਘਾਟਨ ਕੀਤਾ ਗਿਆ ਹੈ। ਉਸ ਨਾਲ ਕਿਸਾਨਾਂ ਨੂੰ ਜਿੱਥੇ ਫਾਇਦਾ ਮਿਲੇਗਾ, ਉੱਥੇ ਹੀ ਰੁਜ਼ਗਾਰ ਵੀ ਵਧੇਗਾ।
ਦੂਜੇ ਪਾਸੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਗਏ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਬਿਆਨ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਉਸ ਨੂੰ ਮੰਦਭਾਗਾ ਕਰਾਰ ਦਿੱਤਾ।