ਲੁਧਿਆਣਾ: ਸ਼ਹਿਰ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਪੰਜਾਬ ਦੀ ਪਹਿਲੀ ਕੋਰੋਨਾ ਮੁਕਤ ਕੋਰਟ ਬਣ ਗਈ ਹੈ ਜੋ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਇੱਥੇ ਰਿਮਾਂਡ ਮਾਮਲਿਆਂ ਦੀਆਂ ਸੁਣਵਾਈਆਂ ਹੋਣਗੀਆਂ।
ਇਸ ਕੋਰਟ ਰੂਮ ਦੇ ਵਿੱਚ ਜੱਜ ਸਾਹਿਬ ਅਤੇ ਉਨ੍ਹਾਂ ਦੇ ਸਟਾਫ਼ ਲਈ ਵਿਸ਼ੇਸ਼ ਤੌਰ 'ਤੇ ਸ਼ੀਸ਼ੇ ਦੇ ਬਣੇ ਕੈਬਿਨ ਵਿੱਚ ਬੈਠ ਕੇ ਮਾਮਲਿਆਂ ਦੀ ਸੁਣਵਾਈ ਕਰਨਗੇ। ਕਟਹਿਰੇ 'ਚ ਮੁਲਜ਼ਮ ਖੜ੍ਹਾ ਹੋਵੇਗਾ ਅਤੇ ਅਪੀਲ ਅਤੇ ਦਲੀਲ ਦੀ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਣਗੀਆਂ।
ਲੁਧਿਆਣਾ ਅਦਾਲਤ ਦੇ ਸੈਸ਼ਨ ਜੱਜ ਮਾਣਯੋਗ ਗੁਰਬੀਰ ਸਿੰਘ ਅਤੇ ਸੁਪਰਡੈਂਟ ਕਮਲਜੀਤ ਸਿੰਘ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਸ ਕੋਰਟ ਰੂਮ ਨੂੰ ਤਿਆਰ ਕੀਤਾ ਗਿਆ ਹੈ। ਲੁਧਿਆਣਾ ਦੀ ਅਦਾਲਤ 'ਚ ਕੰਮ ਕਰਨ ਵਾਲੇ ਵਕੀਲਾਂ ਨੇ ਇਸ ਦੀ ਸ਼ਲਾਘਾ ਕੀਤੀ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਕੰਮ ਕਰਨ ਵਿੱਚ ਅਸਾਨੀ ਹੋਵੇਗੀ।

ਜ਼ਿਕਰ-ਏ-ਖ਼ਾਸ ਹੈ ਕਿ ਲੁਧਿਆਣਾ ਅਦਾਲਤ 'ਚ ਪੇਸ਼ੀ ਦੇ ਦੌਰਾਨ ਬੀਤੇ ਦਿਨੀ 2 ਮੁਲਜ਼ਮਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਜੁਡੀਸ਼ੀਅਲ ਅਫ਼ਸਰਾਂ ਸਮੇਤ ਸਟਾਫ ਮੈਂਬਰਾਂ ਵਕੀਲਾਂ ਨੂੰ ਇਤਿਹਾਤ ਦੇ ਤੌਰ ਤੇ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਸੀ।
ਲੁਧਿਆਣਾ ਵਿੱਚ ਲਗਾਤਾਰ ਪੁਲਿਸ ਮੁਲਾਜ਼ਮ ਵੀ ਕਰੋਨਾ ਪੌਜ਼ੀਟਿਵ ਆ ਰਹੇ ਨੇ ਜਿਸ ਦੇ ਮੱਦੇਨਜਰ ਇਹ ਵਿਸ਼ੇਸ਼ ਕੋਰਟ ਕਾਫੀ ਲਾਹੇਵੰਦ ਸਾਬਿਤ ਹੋਵੇਗੀ।