ਲੁਧਿਆਣਾ: ਪੰਜਾਬ ਦੇ ਉੱਤਰੀ ਇਲਾਕਿਆਂ ’ਚ ਖਾਸ ਕਰਕੇ ਦੋਆਬਾ ਖੇਤਰ ਚ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ, ਮੌਸਮ ਦੇ ਬਦਲੇ ਇਸ ਮਿਜਾਜ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਪਰ ਜੇਕਰ ਪੰਜਾਬ ਦੇ ਕੇਂਦਰੀ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਅਤੇ ਉਸਦੇ ਨੇੜੇ ਦੇ ਇਲਾਕਿਆਂ ਚ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ ਹੈ। ਹਾਲਾਂਕਿ ਕੁਝ ਦੁਰ ਦੇ ਇਲਾਕਿਆਂ ਚ ਹਲਕਾ ਮੀਂਹ ਜਰੂਰ ਪਿਆ ਹੈ।
ਇੱਕ ਪਾਸੇ ਜਿੱਥੇ ਲੋਕ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹਨ ਉੱਥੇ ਹੀ ਦੂਜੇ ਪਾਸੇ ਗਰਮੀ ਤੋਂ ਉਨ੍ਹਾਂ ਦਾ ਜਿਉਣਾ ਔਖਾ ਹੋਇਆ ਪਿਆ ਹੈ। ਮੌਸਮ ਵਿਭਾਗ ਨੇ ਕਿਹਾ ਸੀ ਕਿ ਜੁਲਾਈ ਦੇ ਦੂਜੇ ਹਫ਼ਤੇ ਦੇ ਵਿੱਚ ਪੰਜਾਬ ਭਰ ’ਚ ਮੀਂਹ ਪਵੇਗਾ, ਪਰ ਪੰਜਾਬ ਦੇ ਕੁਝ ਉੱਤਰੀ ਇਲਾਕਿਆਂ ਨੂੰ ਛੱਡ ਕੇ ਬਾਕੀ ਇਲਾਕਾ ਮੀਂਹ ਤੋਂ ਸੱਖਣਾ ਹੀ ਵਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਮੋਟਰਾਂ ’ਤੇ ਬਿਜਲੀ ਨਾ ਆਉਣ ਕਰਕੇ ਇਕ ਪਾਸੇ ਜਿੱਥੇ ਕਿਸਾਨ ਪਰੇਸ਼ਾਨ ਹਨ, ਉੱਥੇ ਹੀ ਮੀਂਹ ਨਾ ਪੈਣ ਕਰਕੇ ਵੀ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਚ ਲੋਕ ਗਰਮੀ ਤੋਂ ਪਰੇਸ਼ਾਨ ਹਨ, ਪੰਜਾਬ ਦੇ ਵਿੱਚ ਬਿਜਲੀ ਸੰਕਟ ਚੱਲ ਰਿਹਾ ਹੈ ਅਤੇ ਜਦੋਂ ਤੱਕ ਮੀਂਹ ਨਹੀਂ ਪੈਂਦਾ ਉਸ ਸਮੇਂ ਤੱਕ ਇਸ ਸੰਕਟ ਦੇ ਖ਼ਤਮ ਹੋਣ ਦੇ ਆਸਾਰ ਨਹੀਂ ਦਿਖਾਈ ਦੇ ਰਿਹਾ ਹੈ। ਬੇਸ਼ਕ ਜ਼ਿਲ੍ਹੇ ਚ ਬੱਦਲਵਾਈ ਵਾਲਾ ਮੌਸਮ ਬਣ ਰਿਹਾ ਹੈ ਪਰ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ।