ਲੁਧਿਆਣਾ: ਪੰਜਾਬ ਦੇ ਵਿੱਚ ਕਣਕ ਦਾ ਸੀਜ਼ਨ ਜ਼ੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ, ਇਸ ਵਾਰ ਵੀ ਕਿਸਾਨਾਂ ਨੂੰ ਐੱਮ.ਐੱਸ.ਪੀ ਦੇ ਉੱਪਰ 50 ਰੁਪਏ ਪ੍ਰਤੀ ਕੁਇੰਟਲ ਹੀ ਬੋਨਸ ਮਿਲਿਆ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।
ਉੱਥੇ ਹੀ ਗਰਮ ਹਵਾਵਾਂ ਚੱਲਣ ਕਰਕੇ ਕਿਸਾਨਾਂ ਦੀ ਫ਼ਸਲ ਦਾ ਇਸ ਵਾਰ ਨੁਕਸਾਨ ਹੋਇਆ ਹੈ, ਮੌਸਮ ਦੀ ਮਾਰ ਕਰਕੇ ਕਿਸਾਨਾਂ ਦੀ ਕਣਕ ਦਾ ਝਾੜ 20 ਫ਼ੀਸਦੀ ਤੱਕ ਘੱਟ ਨਿਕਲਿਆ ਹੈ। ਜਿਸ ਕਰਕੇ ਕਿਸਾਨਾਂ ਨੂੰ ਉਮੀਦ ਸੀ ਕਿ ਸ਼ਾਇਦ ਇਸ ਵਾਰ ਉਨ੍ਹਾਂ ਨੂੰ ਬੋਨਸ ਵੱਧ ਮਿਲੇਗਾ ਤੇ ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਕਰਕੇ ਕੌਮਾਂਤਰੀ ਪੱਧਰ 'ਤੇ ਕਣਕ ਦੀਆਂ ਵਧੀਆਂ ਕੀਮਤਾਂ ਦਾ ਫ਼ਾਇਦਾ ਕਿਸਾਨਾਂ ਤੱਕ ਪਹੁੰਚੇਗਾ, ਪਰ ਕਿਸਾਨਾਂ ਤੱਕ ਇਸ ਦਾ ਫ਼ਾਇਦਾ ਨਹੀਂ ਪਹੁੰਚਿਆ।
ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੀ ਅਨਾਜ ਮੰਡੀ ਵਿੱਚ ਆਪਣੀ ਫ਼ਸਲ ਸਰਕਾਰੀ ਰੇਟ ਤੇ ਵੇਚ ਰਹੇ ਕਿਸਾਨਾਂ ਨੇ ਕਿਹਾ ਕਿ ਜੋ ਇਸ ਵਕਤ ਹਾਲਾਤ ਚੱਲ ਰਹੇ ਨੇ ਡੀਜ਼ਲ ਮਹਿੰਗਾ ਹੈ, ਖਾਦਾਂ ਮਹਿੰਗੀਆਂ ਹੋ ਚੁੱਕੀਆਂ ਨੇ ਅਤੇ ਕਣਕ 'ਤੇ ਉਨ੍ਹਾਂ ਦਾ ਖਰਚਾ ਵੱਧ ਪੈ ਰਿਹਾ ਹੈ। ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਮਿਹਨਤ ਦੇ ਮੁਤਾਬਕ ਮੁੱਲ ਨਹੀਂ ਮਿਲ ਰਿਹਾ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਇਸ ਵਾਰ ਸਰਕਾਰ ਉਨ੍ਹਾਂ ਨੂੰ ਵਾਧੂ ਮੁੱਲ ਦੇਵੇਗੀ, ਕਿਉਂਕਿ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਣਕ ਦੀ ਜ਼ਿਆਦਾ ਹੈ। ਕਿਸਾਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪਾਕਿਸਤਾਨ ਜਾਂ ਫਿਰ ਕਿਸੇ ਗੁਆਂਢੀ ਮੁਲਕ ਵਿੱਚ ਕਣਕ ਮਹਿੰਗੀ ਵਿਕਦੀ ਹੈ ਤਾਂ ਉਹ ਉੱਥੇ ਜਾ ਕੇ ਵੀ ਕਣਕ ਵੇਚਣ ਨੂੰ ਤਿਆਰ ਹਨ, ਪਰ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ।
ਕਿਸਾਨਾਂ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ਸਾਡੇ ਹੀ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਮਿਹਨਤਾਂ ਕਰਦੇ ਹਨ, ਕਿਉਂਕਿ ਉਥੋਂ ਦੀਆਂ ਸਰਕਾਰਾਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾਉਂਦੀ ਹੈ। ਪਰ ਇੱਥੋਂ ਦੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਅਣਗੌਲਿਆ ਜਾਂਦਾ ਹੈ, ਜਿਸ ਕਰਕੇ ਉਹ ਬਾਹਰ ਜਾ ਕੇ ਮਿਹਨਤਾਂ ਕਰਦੇ ਹਨ।
ਉਨ੍ਹਾਂ ਕਿਹਾ ਕਿਸ ਦਾ ਮਾਂ ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਪੁੱਤ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰੇ, ਪਰ ਸਾਡੀਆਂ ਸਰਕਾਰਾਂ ਦੀ ਬੇਰੁਖ਼ੀ ਕਰਕੇ ਮਜਬੂਰੀਆਂ ਹਨ, ਜੋ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮਿਹਨਤ ਦਾ ਮੁੱਲ ਵਿਦੇਸ਼ਾਂ ਵਿੱਚ ਪੈਂਦਾ ਹੈ, ਜਦੋਂ ਕਿ ਸਾਡੀਆਂ ਸਰਕਾਰਾਂ ਹਮੇਸ਼ਾ ਤੋਂ ਹੀ ਪ੍ਰਾਈਵੇਟ ਹੱਥਾਂ ਵਿੱਚ ਖੇਡਦੀਆਂ ਰਹੀਆਂ ਹਨ।
ਇਹ ਵੀ ਪੜੋ:- ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਮਾਨ ਸਰਕਾਰ ਦੀ ਕੀਤੀ ਸ਼ਿਕਾਇਤ