ਲੁਧਿਆਣਾ: ਪੰਜਾਬ ਭਰ ਦੇ ਕਿਸਾਨਾਂ ਵੱਲੋਂ ਅੱਜ ਦੁਪਹਿਰ 12 ਵਜੇ ਤੋਂ ਲੈ ਕੇ ਚਾਰ ਵਜੇ ਤੱਕ ਸੰਕੇਤਕ ਤੌਰ ਉੱਤੇ ਟ੍ਰੇਨਾਂ ਰੋਕੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਵੀ ਬਾਹਰੀ ਇਲਾਕਿਆਂ ਵਿੱਚ ਕਿਸਾਨਾਂ ਵੱਲੋਂ ਅੱਜ ਰੇਲ ਟ੍ਰੈਕ ਜਾਮ ਕੀਤੇ ਗਏ ਨੇ। ਲੁਧਿਆਣਾ ਦੇ ਕਿਲਾ ਰਾਏਪੁਰ ਦੇ ਰੇਲਵੇ ਸਟੇਸ਼ਨ ਉੱਤੇ ਕਿਸਾਨ ਜਥੇਬੰਦੀ ਉਗਰਾਹਾਂ ਦੇ ਕਿਸਾਨਾਂ ਵੱਲੋਂ ਰੇਲਵੇ ਟਰੈਕਾਂ ਉੱਤੇ ਬੈਠ ਕੇ ਟਰੇਨਾਂ ਨੂੰ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅੱਜ ਉਹ ਉਨ੍ਹਾਂ ਦਾ ਸਾਥ ਦੇਣ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਦਾ ਉਨ੍ਹਾਂ ਉੱਤੇ ਵੀ ਅਸਰ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਮੁਆਵਜ਼ਾ ਦੇਣ ਦੀ ਗੱਲ ਕਰ ਰਹੀ ਸੀ ਹਾਲੇ ਤੱਕ ਉਨ੍ਹਾਂ ਕੁੱਝ ਵੀ ਨੂੰ ਨਹੀਂ ਮਿਲਿਆ। ਦੂਜੇ ਪਾਸੇ ਕੇਂਦਰ ਦੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਪ੍ਰਤੀ ਕੁਇੰਟਲ 5 ਰੁਪਏ ਤੋਂ ਲੈ ਕੇ 38 ਰੁਪਏ ਤੱਕ ਦੀ ਕਟੌਤੀ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੀ ਜਾਵੇਗੀ ਜੋ ਕਿ ਸਰਕਾਰ ਦਾ ਨਾ ਮੰਨਣ ਯੋਗ ਐਲਾਨ ਹੈ।
ਕਿਸਾਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਪਾਈ ਉਲਟੀ ਮਾਰ: ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੁਦਰਤੀ ਕਰੋਪੀ ਕਰਕੇ ਜੇਕਰ ਸਾਡੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ ਤਾਂ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫੜਨ ਲਈ ਉਨ੍ਹਾਂ ਲਈ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ, ਪਰ ਇਸ ਦੇ ਉਲਟ ਕੇਂਦਰ ਸਰਕਾਰ ਬਰੀਕ ਹੋਏ ਦਾਣੇ ਦੀ ਕਟੌਤੀ ਕਰਨ ਦਾ ਐਲਾਨ ਕਰ ਰਹੀ ਹੈ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ। ਕਿਸਾਨ ਜਥੇਬੰਦੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਅੱਜ 4 ਘੰਟੇ ਉਹ ਕਿਸਾਨਾਂ ਨੂੰ ਸਮਰਥਨ ਦੇਣ ਕਿਉਂਕਿ ਕੱਲ੍ਹ ਨੂੰ ਉਨ੍ਹਾਂ ਨੇ ਵੀ ਖਾਣ ਲਈ ਆਟਾ ਵਰਤਣਾ ਹੈ ਇਸ ਲਈ ਅੱਜ ਉਨ੍ਹਾਂ ਨੂੰ ਕਿਸਾਨਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਜੇਕਰ ਕਿਸਾਨ ਅੱਜ ਤੰਗ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਵੀ ਪਰੇਸ਼ਾਨ ਹੋ ਸਕਦੇ ਨੇ।
ਸੂਬਾ ਸਰਕਾਰ ਨੇ ਵੀ ਨਹੀਂ ਦਿੱਤਾ ਮੁਆਵਜ਼ਾ: ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਪ੍ਰਤੀ ਵੀ ਆਪਣਾ ਮਲਾਲ ਜਾਹਿਰ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੀ ਹੈ ਅਤੇ ਕਿਸਾਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਖਰਾਬ ਹੋਈਆਂ ਫਸਲਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਦੋਂ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕੇ ਵਿਸਾਖੀ ਤੱਕ ਉਹਨਾਂ ਨੂੰ ਰਾਹਤ ਦੇ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਕੁੜੀ ਨੂੰ ਰੋਕਣ ਦਾ ਮਾਮਲਾ: ਰਾਸ਼ਟਰਵਾਦ ਦੇ ਨਾਂ ਉੱਤੇ ਹੋਏ ਹੰਗਾਮੇ ਦੀ ਅਸਲੀਅਤ ਆਈ ਸਾਹਮਣੇ, ਜਾਣੋ ਪੂਰਾ ਸੱਚ