ਲੁਧਿਆਣਾ: ਪੁਲਿਸ ਨੇ ਖ਼ੁਲਾਸਾ ਕੀਤਾ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ 30 ਨਕਲੀ ਪੁਲਿਸ ਮੁਲਾਜ਼ਮ ਬਣਕੇ ਲੋਕਾਂ ਨੂੰ ਲੁੱਟਣ ਵਾਲਾ ਗੈਂਗ ਪੂਰੀ ਤਰ੍ਹਾਂ ਸਰਗਰਮ ਹੈ। ਸਥਾਨਕ ਪੁਲਿਸ ਨੇ ਖ਼ੁਲਾਸਾ ਕੀਤਾ ਕਿ ਮੁੰਬਈ ਦੇ ਨੇੜੇ ਰਹਿਣ ਵਾਲੇ ਇਰਾਨੀ ਗੈਂਗ ਦੇ ਮੈਂਬਰ ਸਰਗਰਮ ਹਨ।
ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਪਾਣੀਪਤ, ਪੰਜਾਬ, ਮਦਰਾਸ ਮਹਾਰਾਸ਼ਟਰ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਲੁਧਿਆਣਾ ਪੁਲਿਸ ਨੇ ਗੈਂਗ ਦੇ ਮੁੱਖ ਸਰਗਨਾ ਲਾਲੂ ਇਰਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਨੇ ਗੈਂਗ ਦੀਆਂ ਵਾਰਦਾਤਾਂ ਅਤੇ ਮਕਸਦ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ।
ਇਸ ਬਾਰੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਇਹ ਗੈਂਗ 25-30 ਮੈਂਬਰਾਂ ਦਾ ਹੈ ਤੇ ਤਿਉਹਾਰਾਂ ਦੇ ਦਿਨਾਂ ਵਿੱਚ ਗੈਂਗ ਦੇ ਮੈਂਬਰ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀ ਕਰਦੇ ਹਨ।
ਏਡੀਸੀਪੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਹੱਥ ਦੀ ਸਫ਼ਾਈ ਦੀ ਸਿਖਲਾਈ ਬਚਪਨ ਤੋਂ ਹੀ ਮਿਲਦੀ ਹੈ, ਜਿਸ ਦੀ ਵਰਤੋਂ ਇਹ ਆਪਣੀ ਠੱਗੀ 'ਚ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਜ਼ਿਆਦਾ ਠੱਗੀਆਂ ਮਾਰਦਾ ਹੈ, ਉਸ ਨੂੰ ਸੋਹਣੀ ਪਤਨੀ ਮਿਲਦੀ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਠੱਗੀ ਮਾਰਨ ਲੱਗੇ ਪੁਲਿਸ ਮੁਲਾਜ਼ਮ ਤਾਂ ਬਣਦੇ ਹਨ ਪਰ ਵਰਦੀ ਦੀ ਵਰਤੋਂ ਨਹੀਂ ਕਰਦੇ ਅਤੇ ਹੁਣ ਇਹ ਪੰਜਾਬੀ ਬੋਲਣਾ ਵੀ ਸਿੱਖ ਚੁੱਕੇ ਹਨ ਜੋ ਕਿ ਇਨ੍ਹਾਂ ਦੇ ਸਰਗਨਾ ਲਾਲੂ ਇਰਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ।
ਇਹ ਵੀ ਪੜੋ: ਜ਼ਿਮਨੀ ਚੋਣਾਂ ਸਬੰਧੀ ਪੰਜਾਬ ਕਾਂਗਰਸ ਕਮੇਟੀ ਦੀ ਬੈਠਕ ਜਾਰੀ
ਉਨ੍ਹਾਂ ਦੱਸਿਆ ਕਿ ਗੈਂਗ ਬਹੁਤ ਖ਼ਤਰਨਾਕ ਹੈ ਅਤੇ ਵੱਡੀ ਤਦਾਦ 'ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਇਕੱਲੇ ਲੁਧਿਆਣਾ 'ਚ ਹੀ ਇਸ ਗੈਂਗ ਵੱਲੋਂ 15 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਲੁਧਿਆਣਾ ਪੁਲਿਸ ਨੇ ਇਸ ਸ਼ਾਤਰ ਗੈਂਗ 'ਤੇ ਕਾਬੂ ਪਾਉਣ ਲਈ ਸਿਵਲ ਦੇ ਵਿੱਚ ਅਤੇ ਵਿਸ਼ੇਸ਼ ਡਿਊਟੀ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਖ਼ਾਸ ਕਰਕੇ ਬਾਜ਼ਾਰਾਂ ਦੇ ਵਿੱਚ ਇਸ ਗੈਂਗ ਦੇ ਮੈਂਬਰਾਂ 'ਤੇ ਨਜ਼ਰ ਰੱਖਣਗੇ।
ਲੁਧਿਆਣਾ ਪੁਲਿਸ ਨੇ ਗੈਂਗ ਦੇ ਚਾਰ ਮੈਂਬਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਜੋ ਲੁਧਿਆਣੇ 'ਚ ਬੀਤੇ ਕੁਝ ਸਾਲਾਂ ਤੋਂ ਸਰਗਰਮ ਰਹੇ ਹਨ।