ਲੁਧਿਆਣਾ: ਹੀਰੋ ਸਾਈਕਲਜ਼ ਦੀ ਸਥਾਪਨਾ 1956 ਦੇ ਵਿੱਚ ਸਾਈਕਲਾਂ ਦੇ ਪੁਰਜ਼ੇ ਬਣਾਉਣ ਤੋਂ ਹੋਈ ਸੀ ਅਤੇ ਅੱਜ ਹੀਰੋ ਸਾਈਕਲਜ਼ ਸੰਸਾਰ ਦੇ ਸਭ ਤੋਂ ਵੱਡੇ ਨਿਰਮਾਤਾਵਾਂ ਵਿੱਚੋਂ ਇੱਕ ਹੈ। ਹੀਰੋ ਸਾਈਕਲਜ਼ ਲਗਭਗ 20 ਹਜ਼ਾਰ ਸਾਈਕਲ ਰੋਜ਼ਾਨਾ ਬਣਾਉਂਦਾ ਹੈ। ਲੁਧਿਆਣਾ ਵਿੱਚ ਆਧਾਰਿਤ ਕੰਪਨੀ ਖੋਜ ਅਤੇ ਵਿਕਾਸ ਦੀ ਸਹੂਲਤ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਇਸ ਤੇ ਅਤਿ ਆਧੁਨਿਕ ਅਤੇ ਵੱਡੇ ਯੂਨਿਟ ਅੰਦਰ ਹੀ ਸਾਰੇ ਪ੍ਰਮੁੱਖ ਭਾਗ ਜਿਵੇਂ ਫਰੇਮ, ਫੋਰਕ, ਹੈਂਡਲ, ਚੱਕੇ, ਮੱਡ ਗਾਰਡ ਆਦਿ ਗਲੋਬਲ ਮਿਆਰ ਦੇ ਤਹਿਤ ਤਿਆਰ ਕਰਦੇ ਹਨ।
ਸਾਲਾਨਾ 50 ਲੱਖ ਸਾਈਕਲਾਂ ਦਾ ਨਿਰਮਾਣ
ਹੀਰੋ ਸਾਈਕਲਜ਼ ਦੀ ਜੇਕਰ ਅਜੋਕੇ ਸਮੇਂ 'ਚ ਗੱਲ ਕੀਤੀ ਜਾਵੇ ਤਾਂ ਸਾਲਾਨਾ 50 ਲੱਖ ਸਾਈਕਲ ਬਣਾਏ ਜਾਂਦੇ ਹਨ, ਜਿਸ ਵਿੱਚ ਯੂਰਪ, ਅਮਰੀਕਾ, ਇੰਗਲੈਂਡ ਅਤੇ ਲਗਭਗ ਵਿਸ਼ਵ ਦੇ ਸਾਰੇ ਮੁਲਕਾਂ 'ਚ ਹੀਰੋ ਕੰਪਨੀ ਦੇ ਸਾਈਕਲ ਸਪਲਾਈ ਕੀਤੇ ਜਾਂਦੇ ਹਨ।
ਦੇਸ਼ ਦੇ ਸਾਈਕਲ ਉਦਯੋਗ 'ਚ 48 ਫੀਸਦੀ ਹਿੱਸੇਦਾਰੀ
ਭਾਰਤ ਦੇ ਵਿੱਚ ਜੇਕਰ ਸਾਈਕਲ ਉਦਯੋਗ ਦੀ ਗੱਲ ਕੀਤੀ ਜਾਵੇ ਤਾਂ ਹੀਰੋ ਸਾਈਕਲਜ਼ ਦੀ 48 ਫੀਸਦੀ ਹਿੱਸੇਦਾਰੀ ਹੈ ਜੋ ਇਸ ਨੂੰ ਭਾਰਤ ਦੀ ਪ੍ਰਮੁੱਖ ਅਤੇ ਸਭ ਤੋਂ ਵੱਡੀ ਕੰਪਨੀ ਬਣਾਉਂਦਾ ਹੈ। ਹਾਲ ਵਿੱਚ ਹੀ ਕੰਪਨੀ ਵੱਲੋਂ ਇੰਗਲੈਂਡ 'ਚ ਵੀ ਕੰਪਨੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਜਰਮਨੀ ਵਿੱਚ ਵੀ ਕੰਪਨੀ ਵੱਲੋਂ ਆਪਣੀ ਹਿੱਸੇਦਾਰੀ ਵਧਾਈ ਜਾ ਰਹੀ ਹੈ।
ਕੰਪਨੀ ਦੇ ਐਮਡੀ ਅਤੇ ਚੇਅਰਮੈਨ ਪੰਕਜ ਮੁੰਜਾਲ ਦੇ ਨਾਲ ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ਼ ਗੱਲਬਾਤ ਵੀ ਕੀਤੀ ਗਈ। ਇਸ ਦੌਰਾਨ ਹੀਰੋ ਸਾਈਕਲਜ਼ ਦੇ ਐਮਡੀ ਅਤੇ ਚੇਅਰਮੈਨ ਪੰਕਜ ਮੁੰਜਾਲ ਨੇ ਗੱਲਬਾਤ ਕਰਦਿਆਂ ਆਪਣੇ ਸਫਰ ਬਾਰੇ ਦੱਸਿਆ ਕਿ ਕਿਵੇਂ ਹੀਰੋ ਸਾਈਕਲਜ਼ ਨੂੰ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਇੱਕ ਵੱਡਾ ਬ੍ਰਾਂਡ ਬਣਾਇਆ। ਪੰਕਜ ਮੁੰਜਾਲ ਨੇ ਕਿਹਾ ਕਿ ਇੱਕ ਬਰਾਂਡ ਬਣਾਉਣ ਪਿੱਛੇ ਇੱਕ ਸੋਚ ਹੁੰਦੀ ਹੈ ਅਤੇ ਉਸ ਸੋਚ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਹਨ, ਜਿਸ ਵਿੱਚ ਡਿਜ਼ਾਈਨ, ਭਵਿੱਖ, ਕੁਆਲਿਟੀ, ਵਾਰੰਟੀ ਆਦਿ ਸ਼ਾਮਿਲ ਹੈ।
ਵਿਦੇਸ਼ਾਂ 'ਚ ਕੀਤਾ ਵਿਸਥਾਰ
ਪੰਕਜ ਮੁੰਜਾਲ ਨੇ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਇੰਡਸਟਰੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜਰਮਨੀ ਅਹਿਮ ਹੈ। ਪੰਜਾਬ ਦੇ ਇੰਡਸਟਰੀ ਮੰਤਰੀ ਸ਼ਾਮ ਸੁੰਦਰ ਅਰੋੜਾ ਤੋਂ ਇਲਾਵਾ ਕੇਂਦਰੀ ਮੰਤਰੀਆਂ ਨਾਲ ਵੀ ਉਨ੍ਹਾਂ ਦੀ ਬੈਠਕ ਹੋਈ ਹੈ, ਇਸ ਤੋਂ ਇਲਾਵਾ ਸਰਕਾਰ ਦੇ ਨਾਲ ਟਾਈਅੱਪ ਕਰਕੇ ਲੁਧਿਆਣਾ ਦੇ ਵਿੱਚ ਇੱਕ 100 ਏਕੜ ਦੀ ਸਾਈਕਲ ਵੈਲੀ ਵੀ ਬਣਾਈ ਜਾ ਰਹੀ ਹੈ।
ਕੁੱਝ ਹਾਸਲ ਕਰਨ ਲਈ ਟੀਚਾ ਮਿਥਣਾ ਜ਼ਰੂਰੀ
ਪੰਕਜ ਮੁੰਜਾਲ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਵੱਲੋਂ ਆਪਣੇ ਵਰਕਰਾਂ ਨੂੰ ਖੁਸ਼ ਰੱਖਿਆ ਜਾਂਦਾ ਹੈ, ਜੋ ਉਹ ਕਹਿੰਦੇ ਹਨ, ਉਹ ਕਰਕੇ ਵਿਖਾਉਂਦੇ ਹਨ। ਕੰਪਨੀ ਵੱਲੋਂ ਆਪਣੇ ਟੀਚੇ ਮਿੱਥੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੂਰਾ ਕੀਤਾ ਜਾਂਦਾ ਹੈ। ਪੰਕਜ ਮੁੰਜਾਲ ਨੇ ਨਵੀਆਂ ਕੰਪਨੀਆਂ ਅਤੇ ਨੌਜਵਾਨਾਂ ਨੂੰ ਵੀ ਇਹ ਸੇਧ ਦਿੱਤੀ ਹੈ ਕਿ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਆਪਣਾ ਟੀਚਾ ਮਿੱਥਣਾ ਜਰੂਰੀ ਹੈ ਅਤੇ ਫਿਰ ਉਸ ਟੀਚੇ ਨੂੰ ਪੂਰਾ ਕਰਨ ਲਈ ਜੀ-ਜਾਨ ਲਗਾਉਣਾ ਹੀ ਜ਼ਿੰਦਗੀ ਹੈ। ਜ਼ਿੰਦਗੀ ਦਾ ਰਸਤਾ ਕਦੀ ਵੀ ਪੱਧਰਾ ਨਹੀਂ ਮਿਲਦਾ, ਉਸ ਦੇ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ।
ਭਵਿੱਖ ਵੱਲ ਕਦਮ
ਪੰਕਜ ਮੁੰਜਾਲ ਨੇ ਕਿਹਾ ਕਿ ਭਵਿੱਖ ਬੈਟਰੀਆਂ ਨਾਲ ਚੱਲਣ ਵਾਲੀਆਂ ਗੱਡੀਆਂ ਮੋਟਰਸਾਈਕਲਾਂ, ਸਕੂਟਰਾਂ ਅਤੇ ਸਾਈਕਲਾਂ ਦਾ ਹੈ, ਜਿਸ 'ਤੇ ਕੰਪਨੀ ਵੱਲੋਂ ਲਗਾਤਾਰ ਫੋਕਸ ਕੀਤਾ ਜਾ ਰਿਹਾ ਹੈ। ਹਾਲਾਂਕਿ ਭਾਰਤ ਵਿੱਚ ਫਿਲਹਾਲ ਬੈਟਰੀਆਂ ਨਹੀਂ ਬਣ ਰਹੀਆਂ ਪਰ ਜਲਦ ਹੀ ਉਹ ਇਸ 'ਤੇ ਕੰਮ ਕਰਨਗੇ ਅਤੇ ਇਸ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣਗੇ।
ਜ਼ਿਕਰੇਖ਼ਾਸ ਹੈ ਕਿ ਹੀਰੋ ਸਾਈਕਲਜ਼ ਵੱਲੋਂ ਸਾਈਕਲ ਵੈਲੀ ਦੇ ਵਿੱਚ ਚਾਰ ਮਿਲੀਅਨ ਸਾਈਕਲਾਂ ਦਾ ਨਿਰਮਾਣ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨਾਲ ਹੀਰੋ ਕੰਪਨੀ ਦੇ ਸਾਈਕਲਾਂ ਦਾ ਨਿਰਮਾਣ ਸਾਲਾਨਾ 10 ਮਿਲੀਅਨ ਤੱਕ ਪਹੁੰਚ ਜਾਵੇਗਾ। ਹੀਰੋ ਕੰਪਨੀ ਆਪਣੇ ਵਪਾਰ ਨੂੰ ਨਾ ਸਿਰਫ਼ ਭਾਰਤ ਸਗੋਂ ਵਿਸ਼ਵ ਤੱਕ ਲੈ ਗਏ। 1986 ਵਿੱਚ ਆਪਣੀ ਸਥਾਪਨਾ ਦੇ 20 ਸਾਲ ਬਾਅਦ ਯੂਰੋ ਸਾਈਕਲ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਨਿਰਮਾਤਾ ਕੰਪਨੀ ਬਣ ਗਈ ਸੀ। 1984 ਜਾਪਾਨ ਦੇ ਹੌਂਡਾ ਮੋਟਰਜ਼ ਦੇ ਨਾਲ ਟਾਈਅੱਪ ਵੀ ਕੀਤਾ ਗਿਆ, 2004 ਤੱਕ ਭਾਰਤ ਵਿੱਚ 48 ਫ਼ੀਸਦੀ ਤੋਂ ਵੱਧ ਮਾਰਕੀਟ ਸ਼ੇਅਰ ਦੇ ਨਾਲ ਹੀਰੋ ਹੋਂਡਾ ਦੋਪਹੀਆ ਵਾਹਨ ਦੀ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ।